ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 14 ਨਵੰਬਰ
ਰਾਮ ਸਿੰਘ ਦੱਤ ਯਾਦਗਾਰੀ ਹਾਲ ਕਮੇਟੀ ਗੁਰਦਾਸਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਦਰ ਲਹਿਰ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਿਸ਼ੇਸ਼ ਸਮਾਗਮ 16 ਨਵੰਬਰ ਨੂੰ ਸਵੇਰੇ 11 ਵਜੇ ਰਾਮ ਸਿੰਘ ਦੱਤ ਯਾਦਗਾਰੀ ਹਾਲ (ਪੁਰਾਣੇ ਬੱਸ ਸਟੈਂਡ ਨਜ਼ਦੀਕ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਕਮੇਟੀ ਦੇ ਪ੍ਰਧਾਨ ਸ੍ਰੀ ਵੱਸਣ ਸਿੰਘ ਦੀ ਅਗਵਾਈ ਹੇਠ ਬਣੀ ਤਿਆਰੀ ਕਮੇਟੀ ਦੀ ਬੈਠਕ ਕਾਮਰੇਡ ਰਘੁਬੀਰ ਸਿੰਘ ਰੋਸੇ ਪਕੀਵਾਂ ਦੀ ਪ੍ਰਧਾਨਗੀ ਹੇਠ ਹੋਈ। ਕਮੇਟੀ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਸਾਲ 2025 ਇਤਿਹਾਸਕ ਪੱਖੋਂ ਖ਼ਾਸ ਅਹਿਮੀਅਤ ਰੱਖਦਾ ਹੈ। ਦੁਨੀਆ ਭਰ ਵਿੱਚ ਲੋਕ ਪੱਖੀ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਗਦਰ ਲਹਿਰ ਦੀ ਵੀਰਾਂਗਣਾ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਸ਼ਤਾਬਦੀ ਵਰ੍ਹਾ ਮਨਾਇਆ ਜਾ ਰਿਹਾ ਹੈ।
ਇਸ ਦਿਨ ਗਦਰ ਲਹਿਰ ਦੇ ਉਹ ਮਹਾਨ ਯੋਧੇ ਕਰਤਾਰ ਸਿੰਘ ਸਰਾਭਾ, ਵਿਸ਼ਣੂ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰ ਸਿੰਘ ਵਾਲਾ, ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ ਅਤੇ ਸੁਰੈਣ ਸਿੰਘ ਛੋਟਾ ਨੂੰ ਬਰਤਾਨਵੀ ਹਕੂਮਤ ਵੱਲੋਂ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦੀ ਇਹ ਸ਼ਹਾਦਤ ਅੱਜ ਵੀ ਦੇਸ਼ ਭਗਤੀ ਅਤੇ ਕੁਰਬਾਨੀ ਦੀ ਮਿਸਾਲ ਹੈ।
ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਇਸ ਵਰ੍ਹੇ ਦੀ ਮਹੱਤਵਪੂਰਨਤਾ ਇਸ ਲਈ ਵੀ ਵਧ ਜਾਂਦੀ ਹੈ ਕਿ ਜਦੋਂ ਗਦਰ ਲਹਿਰ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਕੁਝ ਤਾਕਤਾਂ ਅੰਗਰੇਜ਼ ਸ਼ਾਸਨ ਦੀ ਛਤਰਛਾਇਆ ਹੇਠ ਵੱਡੀਆਂ ਹੋ ਕੇ ਆਪਣੀ ਸ਼ਤਾਬਦੀ ਮਨਾਉਣ ਲਈ ਤਿਆਰੀਆਂ ਕਰ ਰਹੀਆਂ ਹਨ। ਇਸ ਮੌਕੇ ਸਿਆਸੀ ਕੈਦੀਆਂ ਦੀ ਰਿਹਾਈ, ਜਲ-ਜੰਗਲ-ਜ਼ਮੀਨ ਦੀ ਰਾਖੀ ਲਈ ਲੜ ਰਹੇ ਆਦੀਵਾਸੀਆਂ, ਦਲਿਤਾਂ ਅਤੇ ਲੋਕ ਪੱਖੀ ਬੁੱਧੀਜੀਵੀਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨੀ ਸਮੇਂ ਦੀ ਲੋੜ ਹੈ।

ਇਸ ਸਮਾਗਮ ਦੇ ਮੁੱਖ ਬੁਲਾਰੇ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਟਰੱਸਟੀ ਮੈਂਬਰ ਪ੍ਰੋ. ਪਰਮਿੰਦਰ ਸਿੰਘ ਅਮ੍ਰਿਤਸਰ ਹੋਣਗੇ। ਕਮੇਟੀ ਦੇ ਸਹਾਇਕ ਸਕੱਤਰ ਅਜੀਤ ਸਿੰਘ ਹੁੰਦਲ, ਅਵਤਾਰ ਸਿੰਘ, ਸੀਟੂ ਆਗੂ ਧਿਆਨ ਸਿੰਘ ਠਾਕੁਰ, ਰਮੇਸ਼ ਕੁਮਾਰ ਅਤੇ ਹੈਡਮਾਸਟਰ ਅਵਿਨਾਸ਼ ਸਿੰਘ ਸਮੇਤ ਆਗੂਆਂ ਨੇ ਇਨਸਾਫ ਪਸੰਦ ਲੋਕਾਂ, ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੂੰ ਇਸ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।










