ਕਾਲਜ ਕੌਂਸਲ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਮੀਟਿੰਗ ਦੌਰਾਨ ਕਾਲਜ ਦੇ ਗੇਟ ਸੈਰ ਲਈ ਖੋਲ੍ਹਣ ਦਾ ਫੈਸਲਾ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ , 7 ਨਵਬੰਰ
ਆਪ ਦੇ ਹਲਕਾ ਇੰਚਾਰਜ ਚੇਅਰਮੈਨ ਰਮਨ ਬਹਿਲ ਦੇ ਉਪਰਾਲਿਆਂ ਸਦਕਾ ਸਰਕਾਰੀ ਕਾਲਜ ਗੁਰਦਾਸਪੁਰ ਨੂੰ ਨਵੇਂ ਚਾਰ ਕੋਰਸ ਮਿਲੇ ਹਨ, ਜੋ ਨਵੇਂ ਵਿੱਦਿਅਕ ਸੈਸ਼ਨ 2026-27 ਤੋਂ ਸ਼ੁਰੂ ਹੋ ਜਾਣਗੇ।
ਸ੍ਰੀ ਬਹਿਲ ਨੇ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਦਾ ਦੌਰਾ ਵੀ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਨੂੰ ਹੋਰ ਬਿਹਤਰ ਬਨਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦਾ ਸਰਕਾਰੀ ਕਾਲਜ ਨੂੰ ਮੁੜ ਸਿੱਖਿਆ ਦੇ ਖੇਤਰ ਵਿੱਚ ਅੱਗੇ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਵਲੋਂ ਪਹਿਲਾਂ ਵੀ ਕਾਲਜ ਵਿੱਚ ਚਾਰ ਨਵੇਂ ਕੋਰਸ ਲਿਆਂਦੇ ਗਏ ਸਨ।

ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਉੱਚ ਸਿੱਖਿਆ ਦਾ ਮੁੱਖ ਕੇਂਦਰ ਹੈ ਅਤੇ ਆਪਣੀ ਅਕਾਦਮਿਕ ਪ੍ਰਗਤੀ ਨਾਲ ਨਿੱਤ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਪਿਛਲੇ ਸਾਲ 1500 ਦੇ ਕਰੀਬ ਵਿਦਿਆਰਥੀਆਂ ਸਨ ਜਿਨ੍ਹਾਂ ਦੀ ਗਿਣਤੀ ਵਧ ਕੇ 2200 ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਕਾਲਜ ਦੀ ਗੁਣਵੱਤਾ, ਵਿਸ਼ਵਾਸ ਅਤੇ ਵਿਦਿਆਰਥੀਆਂ ਦੀ ਵਧਦੀ ਰੁਚੀ ਦਾ ਸਪਸ਼ਟ ਪ੍ਰਤੀਕ ਹੈ।
ਉਨ੍ਹਾਂ ਦੱਸਿਆ ਕਿ ਮੌਜੂਦਾ ਸੈਸ਼ਨ ਵਿੱਚ ਕਾਲਜ ਵਿੱਚ ਚਾਰ ਨਵੇਂ ਕੋਰਸ ਬੀਕਾਮ (ਟੈਕਸ ਪਲੈਨਿੰਗ ਅਤੇ ਮੈਨੇਜਮੈਂਟ),ਐਮਕਾਮ, ਬੀਬੀਏ (ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ) ਅਤੇ ਐਮਏ ਪੰਜਾਬੀ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਨਵੇਂ ਮੌਕੇ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਬੀਕਾਮ ਟੈਕਸ ਪਲੈਨਿੰਗ ਅਤੇ ਬੀਬੀਏ ਵਰਗੇ ਕੋਰਸ ਆਧੁਨਿਕ ਵਪਾਰ ਅਤੇ ਪ੍ਰਬੰਧਕੀ ਵਿਵਸਥਾ ਨਾਲ ਜੁੜੇ ਹਨ। ਜਦਕਿ ਐਮਏ ਪੰਜਾਬੀ ਪੰਜਾਬੀ ਸਾਹਿਤ ਅਤੇ ਸੰਸਕ੍ਰਿਤੀ ਨੂੰ ਅਗਲੀ ਪੀੜ੍ਹੀ ਤੱਕ ਸੰਭਾਲਣ ਦਾ ਜਰੀਆ ਬਣੇਗਾ।
ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ ਸੈਸ਼ਨ 2026-27 ਤੋਂ ਚਾਰ ਹੋਰ ਨਵੇਂ ਕੋਰਸਾਂ ਬੀਏ (ਫਾਈਨ ਆਰਟਸ), ਬੀਏ (ਮਾਸ ਕਮਿਊਨੀਕੇਸ਼ਨ), ਐਮਏ ਅੰਗਰੇਜ਼ੀ ਅਤੇ
ਐਮਐਸਸੀ ਗਣਿਤ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਕਤ ਸਾਰੇ ਕੋਰਸਾਂ ਲਈ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਪ੍ਰਾਪਤ ਹੋ ਚੁੱਕੀ ਹੈ ਅਤੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਐਫੀਲੀਏਸ਼ਨ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਲਜ ਲਈ ਇੱਕ ਵੱਡੀ ਅਕਾਦਮਿਕ ਉਪਲਬਧੀ ਹੈ ਕਿ ਪੂਰੀ ਤਰ੍ਹਾਂ ਪੋਸਟ ਗ੍ਰੈਜੂਏਟ ਕਾਲਜ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਇੱਕ ਨਵੀਂ ਸਕਿਲ ਡਿਵੈਲਪਮੈਂਟ ਲੈਬ ਤਿਆਰ ਕੀਤੀ ਜਾ ਰਹੀ ਹੈ। ਲੈਬ ਅਗਲੇ ਇੱਕ ਮਹੀਨੇ ਵਿੱਚ ਪੂਰੀ ਤਰ੍ਹਾਂ ਕਾਰਜ਼ਸ਼ੀਲ ਹੋ ਜਾਵੇਗੀ। ਲੈਬ ਲਈ ਲੋੜੀਂਦਾ ਸਾਜੋ-ਸਮਾਨ ਕਾਲਜ ਵੱਲੋਂ ਪ੍ਰਾਪਤ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਲੈਬ ਵਿਦਿਆਰਥੀਆਂ ਨੂੰ ਵੱਖ-ਵੱਖ ਰੋਜ਼ਗਾਰ ਕੇਂਦਰਿਤ ਪ੍ਰਸ਼ਿਕਸ਼ਣ, ਡਿਜ਼ੀਟਲ ਸਕਿਲਸ, ਕਮਿਊਨੀਕੇਸ਼ਨ ਅਤੇ ਪ੍ਰੈਜ਼ੇਂਟੇਸ਼ਨ ਸਕਿਲਸ ਵਿੱਚ ਪ੍ਰੈਕਟਿਕਲ ਅਨੁਭਵ ਪ੍ਰਦਾਨ ਕਰੇਗੀ। ਪ੍ਰਿੰਸੀਪਲ ਪ੍ਰੋ. ਅਸ਼ਵਨੀ ਭੱਲਾ ਨੇ ਸ੍ਰੀ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸਰਕਾਰੀ ਕਾਲਜ ਗੁਰਦਾਸਪੁਰ ਨੇ ਨਵੀਂ ਉਚਾਈਆਂ ਨੂੰ ਛੂਹਿਆ ਹੈ।
ਇਸ ਤੋਂ ਪਹਿਲਾਂ ਕਾਲਜ ਕੌਂਸਲ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਮੀਟਿੰਗ ਦੌਰਾਨ ਸ਼ਹਿਰ ਵਾਸਿਆਂ ਲਈ ਕਾਲਜ ਦਾ ਮੁੱਖ ਗੇਟ ਸੈਰ ਕਰਨ ਲਈ ਸਵੇਰੇ 5
ਤੋਂ 8 ਵਜੇ ਤੱਕ ਖੋਲ੍ਹੇ ਜਾਣ, ਕਾਲਜ ਦਾ ਟੈਂਕੀ ਵਾਲਾ ਗੇਟ ( ਫੁੱਟਬਾਲ ਗਰਾਊਂਡ) ਸ਼ਹਿਰ ਵਾਸੀਆਂ ਦੇ ਸੈਰ ਕਰਨ ਲਈ ਸ਼ਾਮ 3 ਵਜੇ ਤੋਂ 6 ਵਜੇ ਤੱਕ ਖੋਲ੍ਹੇ ਜਾਣ ਦਾ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ। ਇਸ ਸਮੇਂ ਦੌਰਾਨ ਕਾਲਜ ਕੈਂਪਸ ਵਿੱਚ ਅਨੁਸ਼ਾਸਨ ਅਤੇ ਅਣਸੁਖਾਵੇਂ ਅਨਸਰਾਂ ਤੋਂ ਸੁਰੱਖਿਆਂ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਪੀ.ਸੀ.ਆਰ ਦੀ ਡਿਊਟੀ ਲਗਾਈ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਜੋਗਿੰਦਰ ਸਿੰਘ, ਭਾਰਤ ਭੂਸ਼ਣ, ਸੁਰੇਸ਼ ਚੰਦਰ, ਬਲਵਿੰਦਰ ਸਿੰਘ ਐਮ. ਸੀ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।










