500 ਸਕੂਲ ਬੈਗ ਤੇ ਸਟੇਸ਼ਨਰੀ ਕਿੱਟਾਂ ਵੰਡੀਆਂ
ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 17 ਅਕਤੂਬਰ
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਸਿੱਖਿਆ ਦੇ ਮੈਦਾਨ ਨਾਲ ਜੁੜੀਆਂ ਸੰਗਠਨਾਂ ਵੱਲੋਂ ਮਨੁੱਖਤਾ ਭਰਿਆ ਕਦਮ ਚੁੱਕਦਿਆਂ ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਨੇ ਵਿਦਿਆਰਥੀਆਂ ਨੂੰ ਮੁੜ ਸਕੂਲ ਨਾਲ ਜੋੜਨ ਅਤੇ ਉਨ੍ਹਾਂ ਦੀ ਸਹਾਇਤਾ ਲਈ 500 ਸਕੂਲ ਬੈਗ ਤੇ ਸਟੇਸ਼ਨਰੀ ਕਿੱਟਾਂ ਵੰਡੀਆਂ।

ਇਹ ਮਦਦ ਮੁਹਿੰਮ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਸਕੂਲਾਂ ਦੇ ਬੱਚਿਆਂ ਤੱਕ ਸਿੱਧੇ ਪਹੁੰਚਣ ਲਈ ਸ਼ੁਰੂ ਕੀਤੀ ਗਈ ਸੀ। ਇਸ ਅਭਿਆਨ ਹੇਠ ਫੈਡਰੇਸ਼ਨ ਦੀਆਂ ਟੀਮਾਂ ਨੇ ਬਲਾਕ ਦੋਰਾਂਗਲਾ ਦੇ ਕਈ ਸਕੂਲਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ। ਇਹਨਾਂ ਕਿੱਟਾਂ ਵਿੱਚ ਨੋਟਬੁਕਾਂ, ਪੈਨ, ਪੈਨਸਿਲਾਂ, ਹੋਰ ਲਿਖਣ ਪੜ੍ਹਨ ਦੀ ਸਾਮਗਰੀ ਤੇ ਸਕੂਲ ਬੈਗ ਸ਼ਾਮਲ ਸਨ।
ਜ਼ਿਲ੍ਹਾ ਪ੍ਰਧਾਨ ਸੋਮ ਸਿੰਘ ਨੇ ਦੱਸਿਆ ਕਿ ਇਸ ਸਮੂਹੀ ਅਭਿਆਨ ਦੀ ਅਗਵਾਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਦੇ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਵੱਲੋਂ ਕੀਤੀ ਗਈ। ਇਸ ਦੌਰਾਨ ਨਵਪ੍ਰੀਤ ਸਿੰਘ (ਜਨਰਲ ਕੌਂਸਲ ਮੈਂਬਰ, ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ), ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਦੇ ਪ੍ਰਧਾਨ ਗਗਨਦੀਪ ਸਿੰਘ, ਅਤੇ ਉਹਨਾਂ ਦੀਆਂ ਟੀਮਾਂ ਨੇ ਹੜ੍ਹ-ਪ੍ਰਭਾਵਿਤ ਸਕੂਲਾਂ ਦਾ ਦੌਰਾ ਕੀਤਾ।
ਸੋਮ ਸਿੰਘ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਕੁੱਲ 1000 ਸਕੂਲ ਬੈਗ ਤੇ ਕਿੱਟਾਂ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 500 ਫ਼ਾਜ਼ਿਲਕਾ ਦੇ ਸਰਹੱਦੀ ਇਲਾਕਿਆਂ ਦੇ ਵਿਦਿਆਰਥੀਆਂ ਵਿੱਚ ਪਹਿਲਾਂ ਹੀ ਵੰਡੀਆਂ ਜਾ ਚੁੱਕੀਆਂ ਹਨ। ਬਾਕੀ 500 ਕਿੱਟਾਂ ਗੁਰਦਾਸਪੁਰ ਦੇ ਵਿਦਿਆਰਥੀਆਂ ਤੱਕ ਅੱਜ ਪਹੁੰਚਾਈਆਂ ਗਈਆਂ।

ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸੀ.ਐਨ. ਭਾਰਤੀ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਪਹਿਲਾ ਕਦਮ ਹੈ। ਉਹਨਾਂ ਦੱਸਿਆ ਕਿ ਦੂਜੇ ਪੜਾਅ ਲਈ ਹੋਰ 1000 ਸਕੂਲ ਬੈਗ ਤੇ ਸਟੇਸ਼ਨਰੀ ਕਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਜਲਦ ਹੀ ਪੰਜਾਬ ਦੇ ਹੋਰ ਹੜ੍ਹ-ਪ੍ਰਭਾਵਿਤ ਸਕੂਲਾਂ ਦੇ ਜ਼ਰੂਰਤਮੰਦ ਵਿਦਿਆਰਥੀਆਂ ਵਿੱਚ ਵੰਡੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਨਾ ਸਿਰਫ਼ ਬੱਚਿਆਂ ਨੂੰ ਸਾਮਗਰੀ ਮੁਹੱਈਆ ਕਰਵਾਉਣਾ ਹੈ, ਸਗੋਂ ਉਨ੍ਹਾਂ ਵਿੱਚ ਮੁੜ ਪੜ੍ਹਾਈ ਲਈ ਉਤਸ਼ਾਹ ਜਗਾਉਣਾ ਵੀ ਹੈ। ਹੜ੍ਹਾਂ ਕਾਰਨ ਕਈ ਵਿਦਿਆਰਥੀਆਂ ਦਾ ਪਾਠ-ਸਮਗਰੀ ਤੇ ਸਕੂਲ ਸਾਮਾਨ ਬਰਬਾਦ ਹੋ ਗਿਆ ਸੀ, ਜਿਸ ਕਾਰਨ ਇਹ ਸਹਾਇਤਾ ਉਨ੍ਹਾਂ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ।
ਇਸ ਮੌਕੇ ਰਜਨੀ ਪ੍ਰਕਾਸ਼ ਸਿੰਘ (ਜਨਰਲ ਸਕੱਤਰ ਗੁਰਦਾਸਪੁਰ), ਪ੍ਰਦੀਪ, ਪ੍ਰਿਤਪਾਲ ਸਿੰਘ (ਸੀਨੀਅਰ ਵਾਈਸ ਪ੍ਰਧਾਨ ਜਲੰਧਰ), ਪੰਕਜ ਕੁਮਾਰ, ਮੁਨੀਸ਼ ਕੁਮਾਰ, ਰਵਿੰਦਰ ਸਿੰਘ ਬਾਜਵਾ, ਵੱਸਣ ਸਿੰਘ, ਗੁਰਵਿੰਦਰ ਸਿੰਘ, ਰਮਨ ਕੁਮਾਰ ਤੇ ਹੋਰ ਕਈ ਵਿਗਿਆਨਕ ਲੀਡਰ ਵੀ ਮੌਜੂਦ ਸਨ।
ਇਸ ਦੌਰਾਨ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਵੱਲੋਂ ਦੋਵੇਂ ਸੰਗਠਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਮਨੁੱਖਤਾ ਭਰੇ ਉਪਰਾਲੇ ਦੀ ਖੁੱਲ੍ਹ ਕੇ ਸਰਾਹਨਾ ਕੀਤੀ ਗਈ।

ਫੋਟੋ ਕੈਪਸਨ: ਵਿਦਿਆਰਥੀਆਂ ਨੂੰ ਸਟੇਸ਼ਨਰੀ ਆਦਿ ਵੰਡੇ ਜਾਣ ਦੀ ਝਲਕ।










