Share & like

ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 17 ਅਕਤੂਬਰ
ਪੰਜਾਬ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਅੱਜ ਮੈਡੀਕਲ ਜਾਂਚ ਤੋਂ ਬਾਅਦ ਚੰਡੀਗੜ੍ਹ ਸਥਿਤ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਕੇਂਦਰੀ ਜਾਂਚ ਏਜੰਸੀ ਨੂੰ ਭੁੱਲਰ ਦਾ 14 ਦਿਨਾਂ ਦਾ ਨਿਆਂਇਕ ਰਿਮਾਂਡ ਦੇ ਦਿੱਤਾ ਹੈ।

ਸੀਬੀਆਈ ਨੇ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 40 ਵਿੱਚ ਭੁੱਲਰ ਦੀ ਕੋਠੀ ’ਤੇ ਛਾਪਾ ਮਾਰ ਕੇ ਕਰੀਬ 5 ਕਰੋੜ ਰੁਪਏ ਦੀ ਨਕਦੀ, ਡੇਢ ਕਿਲੋ ਸੋਨਾ, 22 ਲਗਜ਼ਰੀ ਘੜੀਆਂ, 40 ਲਿਟਰ ਵਿਦੇਸ਼ੀ ਸ਼ਰਾਬ, ਬੀਐਮਡਬਲਿਊ ਅਤੇ ਔਡੀ ਕਾਰਾਂ ਦੀਆਂ ਚਾਬੀਆਂ, ਕਈ ਜਾਇਦਾਦਾਂ ਦੇ ਦਸਤਾਵੇਜ਼, ਇੱਕ ਫਾਰਮਹਾਊਸ, ਡਬਲ ਬੈਰਲ ਬੰਦੂਕ, ਪਿਸਤੌਲ, ਰਿਵਾਲਵਰ, ਏਅਰਗੰਨ ਅਤੇ ਗੋਲਾ-ਬਾਰੂਦ ਜ਼ਬਤ ਕੀਤਾ। ਨਕਦੀ ਦੀ ਗਿਣਤੀ ਲਈ ਟੀਮ ਨੇ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਦੀ ਵਰਤੋਂ ਕੀਤੀ।
ਭੁੱਲਰ ਦੀ ਗ੍ਰਿਫ਼ਤਾਰੀ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਨਰੇਸ਼ ਬੱਤਾ ਦੀ ਸ਼ਿਕਾਇਤ ‘ਤੇ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਡੀਆਈਜੀ ਨੇ ਐਫਆਈਆਰ ਦਾ ਨਿਪਟਾਰਾ ਕਰਨ ਲਈ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਜੋ ਇਕ ਦਲਾਲ ਕ੍ਰਿਸ਼ਨੂ ਰਾਹੀਂ ਮੰਗੀ ਗਈ। ਸੀਬੀਆਈ ਨੇ ਕ੍ਰਿਸ਼ਨੂ ਨੂੰ ਵੀ ਗ੍ਰਿਫ਼ਤਾਰ ਕਰਕੇ ਉਸ ਤੋਂ 21 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਐੱਫਆਈਆਰ ਵਿੱਚ ਇਹ ਵੀ ਦਰਜ ਹੈ ਕਿ ਡੀਆਈਜੀ ਨੇ ਬੱਤਾ ਨੂੰ “ਸੇਵਾ ਪਾਣੀ” ਦੇ ਨਾਮ ’ਤੇ ਮਹੀਨਾਵਾਰ ਭੁਗਤਾਨ ਕਰਨ ਲਈ ਕਿਹਾ ਸੀ, ਨਹੀਂ ਤਾਂ ਉਸਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ। ਸ਼ਿਕਾਇਤ ਨਾਲ 11 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 9ਡੀ ਮਾਰਕੀਟ ਤੋਂ ਕੀਤੀ ਗਈ ਇੱਕ ਵਟਸਐਪ ਕਾਲ ਦੀ ਰਿਕਾਰਡਿੰਗ ਵੀ ਸ਼ਾਮਲ ਹੈ, ਜਿਸ ਵਿੱਚ ਭੁੱਲਰ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, “8 ਫੜਨੇ ਨੇ 8… ਚੱਲ ਜਿੰਨਾ ਦਿੰਦੈ ਨਾਲ ਨਾਲ ਫੜੀ ਚੱਲ, ਓਹਨੂੰ ਕਹਿਦੇ 8 ਕਰ ਦੇ ਪੂਰਾ।”ਗੌਰਤਲਬ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਹਨ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਐਮ.ਐਸ. ਭੁੱਲਰ ਦੇ ਪੁੱਤਰ ਹਨ। ਉਹ ਆਪਣੇ ਕਰੀਅਰ ਦੌਰਾਨ ਪਟਿਆਲਾ ਰੇਂਜ ਦੇ ਡੀਆਈਜੀ, ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ, ਅਤੇ ਕਈ ਜ਼ਿਲ੍ਹਿਆਂ ਦੇ ਐਸਐਸਪੀ ਵਜੋਂ ਸੇਵਾ ਨਿਭਾ ਚੁੱਕੇ ਹਨ।

ਉਹ 2021 ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਡਰੱਗ ਕੇਸ ਦੀ ਜਾਂਚ ਕਰਨ ਵਾਲੀ ਐਸਆਈਟੀ ਦੀ ਅਗਵਾਈ ਕਰ ਚੁੱਕੇ ਹਨ ਅਤੇ ਪੰਜਾਬ ਸਰਕਾਰ ਦੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ।


Share & like

Leave a Reply