Share & like

ਭ੍ਰਿਸ਼ਟਾਚਾਰ ਕੇਸ ਵਿੱਚ ਵੱਡੀ ਕਾਰਵਾਈ; ਘਰ, ਦਫ਼ਤਰ ਤੇ ਫਾਰਮਹਾਊਸ ਦੀ ਤਲਾਸ਼ੀ

ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 16 ਅਕਤੂਬਰ
ਸੀਬੀਆਈ ਨੇ ਅੱਜ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ, ਭੁੱਲਰ ਨੂੰ ਉਨ੍ਹਾਂ ਦੇ ਮੁਹਾਲੀ ਸਥਿਤ ਦਫ਼ਤਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਸੀਬੀਆਈ ਦੀ ਟੀਮ ਨੇ ਉਨ੍ਹਾਂ ਵਿਰੁੱਧ ਰਿਸ਼ਵਤਖੋਰੀ ਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ਾਂ ਦੀ ਜਾਂਚ ਕੀਤੀ।
ਸੀਬੀਆਈ ਨੇ ਇਸ ਦੌਰਾਨ ਇਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ, ਇਹ ਕਾਰਵਾਈ ਫਤਿਹਗੜ੍ਹ ਦੇ ਇੱਕ ਸਕ੍ਰੈਪ ਡੀਲਰ (ਕਬਾੜੀਏ) ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕੀਤੀ ਗਈ ਸੀ। ਸ਼ਿਕਾਇਤ ਵਿੱਚ ਡੀਆਈਜੀ ਭੁੱਲਰ ਵਿਰੁੱਧ 25 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਸਬੂਤ ਦਿੱਤੇ ਗਏ ਸਨ, ਹਾਲਾਂਕਿ ਸੀਬੀਆਈ ਨੂੰ 5 ਲੱਖ ਰੁਪਏ ਦੀ ਰਕਮ ਹੀ ਬਰਾਮਦ ਹੋਈ ਹੈ।

ਏਜੰਸੀ ਨੇ ਭੁੱਲਰ ਦੇ ਘਰ, ਦਫ਼ਤਰ ਅਤੇ ਖੰਨਾ ਵਿਖੇ ਸਥਿਤ ਫਾਰਮਹਾਊਸ ਦੀ ਵੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਸੀਬੀਆਈ ਨੇ ਇਹ ਯਕੀਨੀ ਬਣਾਇਆ ਕਿ ਪੰਜਾਬ ਪੁਲੀਸ ਦੇ ਡੈਪੂਟੇਸ਼ਨ ’ਤੇ ਆਏ ਅਧਿਕਾਰੀਆਂ ਨੂੰ ਛਾਪੇਮਾਰੀ ਦੌਰਾਨ ਸ਼ਾਮਲ ਨਾ ਕੀਤਾ ਜਾਵੇ। ਗ੍ਰਿਫ਼ਤਾਰੀ ਮਗਰੋਂ ਭੁੱਲਰ ਨੂੰ ਪੰਚਕੂਲਾ ਸੀਬੀਆਈ ਦਫ਼ਤਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਪੁੱਛਗਿੱਛ ਜਾਰੀ ਹੈ।
ਯਾਦ ਰਹੇ ਕਿ ਹਰਚਰਨ ਸਿੰਘ ਭੁੱਲਰ, ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦੇ ਪੁੱਤਰ ਹਨ। ਉਨ੍ਹਾਂ ਨੇ ਪਿਛਲੇ ਸਾਲ 27 ਨਵੰਬਰ ਨੂੰ ਰੋਪੜ ਰੇਂਜ ਦੇ ਡੀਆਈਜੀ ਦਾ ਅਹੁਦਾ ਸੰਭਾਲਿਆ ਸੀ ਅਤੇ ਇਸ ਤੋਂ ਪਹਿਲਾਂ ਉਹ ਪਟਿਆਲਾ ਰੇਂਜ ਵਿੱਚ ਤਾਇਨਾਤ ਸਨ। ਭੁੱਲਰ ਰੋਪੜ ਰੇਂਜ ਵਿੱਚ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਮੁੱਖ ਅੰਗ ਰਹੇ ਹਨ।
ਉਨ੍ਹਾਂ ਨੇ ਇਸ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਮਜੀਠੀਆ ਨਾਲ ਜੁੜੇ ਨਸ਼ਾ ਤਸਕਰੀ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਦੀ ਅਗਵਾਈ ਵੀ ਕੀਤੀ ਸੀ। ਇਸ ਸਮੇਂ ਭ੍ਰਿਸ਼ਟਾਚਾਰ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਨੇ ਪੰਜਾਬ ਪੁਲੀਸ ਮੰਡਲ ਵਿੱਚ ਹਲਚਲ ਮਚਾ ਦਿੱਤੀ ਹੈ।


Share & like

Leave a Reply