Share & like

ਦੋ ਮੰਡੀਆਂ ’ਚ ਲਗੇ 1.38 ਲੱਖ ਰੁਪਏ ਦੇ ਜੁਰਮਾਨੇ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 15 ਅਕਤੂਬਰ
ਪੰਜਾਬ ਮੰਡੀ ਬੋਰਡ ਵਲੋਂ ਖਰੀਫ ਮੌਸਮ ਦੌਰਾਨ ਜਿਣਸ ਖਰੀਦ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਚੱਲ ਰਹੀ ਵਿਸ਼ੇਸ਼ ਨਿਗਰਾਨੀ ਮੁਹਿੰਮ ਹੇਠ ਫਲਾਇੰਗ ਸਕਵੈਡ ਟੀਮ ਨੇ ਅੱਜ ਬਟਾਲਾ, ਫਤਿਹਗੜ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੀਆਂ ਦਾਣਾ ਮੰਡੀਆਂ ਵਿੱਚ ਚੈਕਿੰਗ ਕੀਤੀ। ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ।
ਜਿਲ੍ਹਾ ਮੰਡੀ ਅਫਸਰ ਜਸਵਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਫਲਾਇੰਗ ਸਕਵੈਡ ਟੀਮ ਨੇ ਬਟਾਲਾ ਅਤੇ ਫਤਿਹਗੜ ਚੂੜੀਆਂ ਦੀਆਂ ਮੰਡੀਆਂ ਵਿੱਚ ਕਈ ਆੜਤੀਆਂ ਅਤੇ ਸੈਲਰਾਂ ਦੇ ਰਿਕਾਰਡ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਸੈਲਰਾਂ ਵੱਲੋਂ ਕਿਸਾਨਾਂ ਤੋਂ ਸਰਕਾਰ ਵਲੋਂ ਨਿਰਧਾਰਤ ਐਮ.ਐਸ.ਪੀ (ਨਿਊਨਤਮ ਸਮਰਥਨ ਮੁੱਲ) ਤੋਂ ਘੱਟ ਦਰ ’ਤੇ ਜਿਣਸ ਖਰੀਦੀ ਜਾ ਰਹੀ ਸੀ। ਇਸ ਗੰਭੀਰ ਉਲੰਘਣਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਮੰਡੀ ਬੋਰਡ ਵਲੋਂ 78,360 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਦੀ ਮੁੱਖ ਦਾਣਾ ਮੰਡੀ ਵਿੱਚ ਬਿਨ੍ਹਾਂ ਬੋਲੀ ਦੇ ਹੀ ਆੜਤੀਆਂ ਵੱਲੋਂ ਜਿਣਸ ਨੂੰ ਬਾਰਦਾਨੇ ਵਿੱਚ ਭਰਨ ਦੇ ਮਾਮਲੇ ਸਾਹਮਣੇ ਆਏ ਹਨ, ਜੋ ਕਿ ਐਕਟ ਰੂਲਜ ਦੀ ਸਪਸ਼ਟ ਉਲੰਘਣਾ ਹੈ। ਇਸ ਕਰਕੇ ਮੰਡੀ ਬੋਰਡ ਵਲੋਂ ਉਨ੍ਹਾਂ ਆੜਤੀਆਂ ’ਤੇ 60,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਜਿਲ੍ਹਾ ਮੰਡੀ ਅਫਸਰ ਨੇ ਸਪਸ਼ਟ ਕੀਤਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਪ੍ਰਕਿਰਿਆ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਫਸਲ ਦੀ ਖਰੀਦ, ਤੋਲ, ਚੁਕਾਈ ਤੇ ਅਦਾਇਗੀ ਬਿਨ੍ਹਾਂ ਕਿਸੇ ਰੁਕਾਵਟ ਦੇ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ।

ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕਵੈਡ ਟੀਮ ਲਗਾਤਾਰ ਮੈਦਾਨੀ ਪੱਧਰ ’ਤੇ ਸਰਗਰਮ ਹੈ ਅਤੇ ਜਿੱਥੇ ਵੀ ਨਿਯਮਾਂ ਦੀ ਉਲੰਘਣਾ ਹੋਵੇਗੀ, ਉਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਮਕਸਦ ਇਹ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਮਿਲੇ ਅਤੇ ਜਿਣਸ ਖਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਰਹੇ।


Share & like

Leave a Reply