Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਡੇਰਾ ਬਾਬਾ ਨਾਨਕ/ਕਲਾਨੌਰ/ਦੀਨਾਨਗਰ, 14 ਅਕਤੂਬਰ
ਹਾਲ ਹੀ ਦੇ ਦਿਨਾਂ ਦੌਰਾਨ ਪਏ ਹੜਾਂ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੀਆਂ ਕਈ ਦਾਣਾ ਮੰਡੀਆਂ ਵਿੱਚ ਪਹੁੰਚੀ ਝੋਨੇ ਦੀ ਫਸਲ ਨੂੰ ਕਾਫ਼ੀ ਨੁਕਸਾਨ ਹੋਇਆ ਸੀ। ਇਸ ਸਾਰੀ ਸਥਿਤੀ ਦਾ ਮੌਕੇ ’ਤੇ ਜਾਇਜ਼ਾ ਲੈਣ ਲਈ ਦਿੱਲੀ ਤੋਂ ਫੂਡ ਮਨਿਸਟਰੀ ਦੀ ਉੱਚ ਪੱਧਰੀ ਟੀਮ ਅੱਜ ਡੇਰਾ ਬਾਬਾ ਨਾਨਕ, ਕਲਾਨੌਰ ਅਤੇ ਦੀਨਾਨਗਰ ਦੀਆਂ ਦਾਣਾ ਮੰਡੀਆਂ ਵਿੱਚ ਪਹੁੰਚੀ। ਟੀਮ ਵੱਲੋਂ ਝੋਨੇ ਦੀ ਪ੍ਰਭਾਵਿਤ ਫਸਲ ਦੇ ਸੈਂਪਲ ਇਕੱਤਰ ਕਰਕੇ ਉਨ੍ਹਾਂ ਦੀ ਗੁਣਵੱਤਾ ਤੇ ਹਾਲਤ ਦਾ ਵਿਸਤ੍ਰਿਤ ਅਧਿਐਨ ਕੀਤਾ ਗਿਆ।

ਫੂਡ ਮਨਿਸਟਰੀ ਦੀ ਇਸ ਟੀਮ ਦੀ ਅਗਵਾਈ ਐਡੀਸ਼ਨਲ ਡਾਇਰੈਕਟਰ ਸ਼੍ਰੀ ਪ੍ਰਭਾਕਰ ਕਰ ਰਹੇ ਸਨ। ਟੀਮ ਵਿੱਚ ਮੈਡਮ ਸ਼ਾਂਤੀ ਪਾਲ ਅਤੇ ਟੈਕਨੀਕਲ ਅਫਸਰ ਰੌਬਿਨ ਸਿੰਘ ਵੀ ਸ਼ਾਮਲ ਸਨ। ਇਸ ਮੌਕੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਅਤੇ ਐਸ.ਡੀ.ਐਮ ਡੇਰਾ ਬਾਬਾ ਨਾਨਕ ਆਦਿਤਿਆ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਮੌਕੇ ’ਤੇ ਡੀ.ਐਫ.ਐਸ.ਸੀ ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫੂਡ ਮਨਿਸਟਰੀ ਦੀ ਟੀਮ ਨੇ ਮੰਡੀਆਂ ਵਿੱਚ ਪਹੁੰਚ ਕੇ ਹੜਾਂ ਨਾਲ ਪ੍ਰਭਾਵਿਤ ਝੋਨੇ ਦੀ ਫਸਲ ਦੇ ਸੈਂਪਲ ਇਕੱਤਰ ਕੀਤੇ ਹਨ। ਇਹ ਸੈਂਪਲ ਵਿਸ਼ਲੇਸ਼ਣ ਲਈ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਉਪਰੰਤ ਅਗਲੇ ਕਦਮ ਉਠਾਏ ਜਾਣਗੇ।

ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਗ ਕਰਨ ਉਪਰੰਤ ਕੇਂਦਰੀ ਟੀਮ ਨੂੰ ਜ਼ਿਲ੍ਹੇ ਦੀ ਸਥਿਤੀ ਦਾ ਮੌਕੇ ’ਤੇ ਜਾਇਜ਼ਾ ਲੈਣ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੰਡੀਆਂ ਵਿੱਚ ਹੜ੍ਹਾਂ ਨਾਲ ਵੱਡਾ ਨੁਕਸਾਨ ਹੋਇਆ ਹੈ, ਉੱਥੇ ਜ਼ਮੀਨੀ ਹਕੀਕਤ ਦੇ ਆਧਾਰ ’ਤੇ ਟੀਮ ਵੱਲੋਂ ਰਿਪੋਰਟ ਤਿਆਰ ਕੀਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਰਾਹਤ ਦੇਣ ਲਈ ਠੋਸ ਫੈਸਲੇ ਲਵੇਗੀ।
ਇਸ ਦੌਰੇ ਦੌਰਾਨ ਜਿਲ੍ਹਾ ਮੰਡੀ ਅਫਸਰ ਜਸਵਿੰਦਰ ਸਿੰਘ ਰਿਆੜ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਆੜ੍ਹਤੀ ਯੂਨੀਅਨ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਲਖਬੀਰ ਸਿੰਘ, ਕਸ਼ਮੀਰ ਸਿੰਘ ਸਮਰਾਵਾ, ਐਫ.ਸੀ.ਆਈ ਮੈਨੇਜਰ ਅੰਮਿਤ ਕੁਮਾਰ, ਮੈਨੇਜਰ ਅਰੁਨੇਸ਼ ਕੁਮਾਰ, ਐਸ.ਡੀ.ਓ ਜਗਜੀਤ ਸਿੰਘ, ਮਾਰਕੀਟ ਕਮੇਟੀ ਸੈਕਟਰੀ ਸੁਰਿੰਦਰ ਸਿੰਘ, ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆੜ੍ਹਤੀ ਤੇ ਕਿਸਾਨ ਮੌਜੂਦ ਸਨ।

ਉਨ੍ਹਾਂ ਸਾਰੇ ਨੇ ਫੂਡ ਮਨਿਸਟਰੀ ਦੀ ਟੀਮ ਅੱਗੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਅਤੇ ਕੇਂਦਰ ਤੇ ਰਾਜ ਸਰਕਾਰ ਤੋਂ ਨਿਆਂਯੋਚਿਤ ਮੁਆਵਜ਼ੇ ਦੀ ਮੰਗ ਕੀਤੀ।


Share & like

Leave a Reply