Share & like

ਅਕਾਲੀ ਆਗੂਆਂ ’ਤੇ ਗੋਲਕਾਂ ਦਾ ਪੈਸਾ ਨਿੱਜੀ ਹਿੱਤਾਂ ਲਈ ਵਰਤਣ ਦੇ ਲਗਾਏ ਦੋਸ਼

ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਦੀ ਦਿੱਤੀ ਜਾਣਕਾਰੀ

ਰੋਜ਼ਾਨਾ ਖ਼ਬਰ ਬਿਊਰੋ
ਰਾਮਪੁਰਾ ਫੂਲ (ਬਠਿੰਡਾ), 11 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰਾਮਪੁਰਾ ਫੂਲ ਵਿੱਚ ਬਣੇ ਨਵੇਂ ਰੇਲਵੇ ਓਵਰਬ੍ਰਿਜ (ਆਰ.ਓ.ਬੀ.) ਦਾ ਉਦਘਾਟਨ ਕਰਦਿਆਂ ਇਸਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਹ ਪੁਲ 56 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਲੰਬਾਈ 1,130 ਮੀਟਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਖੇਤਰ ਦੇ ਵਾਸੀਆਂ ਨੂੰ ਰੇਲਵੇ ਫਾਟਕਾਂ ਦੇ ਕਾਰਨ ਆਉਣ ਵਾਲੀਆਂ ਲੰਬੀਆਂ ਉਡੀਕਾਂ ਤੋਂ ਰਾਹਤ ਮਿਲੇਗੀ ਅਤੇ ਸਫ਼ਰ ਹੁਣ ਹੋਰ ਸੁਗਮ ਤੇ ਸੁਰੱਖਿਅਤ ਹੋਵੇਗਾ।

ਉਨ੍ਹਾਂ ਕਿਹਾ ਕਿ ਇਹ ਪੁਲ ਰਾਮਪੁਰਾ ਸ਼ਹਿਰ ਦੇ ਦੋ ਹਿੱਸਿਆਂ ਨੂੰ ਜੋੜਦਿਆਂ ਬਠਿੰਡਾ, ਪਟਿਆਲਾ ਤੇ ਨਾਭਾ ਮੰਡੀਆਂ ਨਾਲ ਆਰਥਿਕ ਤੌਰ ’ਤੇ ਹੋਰ ਮਜ਼ਬੂਤ ਕਰੇਗਾ, ਜਿਸ ਨਾਲ ਖੇਤਰ ਦੇ ਵਪਾਰ ਤੇ ਰੋਜ਼ਗਾਰ ਦੇ ਮੌਕੇ ਵਧਣਗੇ।
ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਸਿਰਫ਼ ਆਪਣੇ ਨਿੱਜੀ ਹਿੱਤਾਂ ਅਤੇ ਬਦਲੇ ਦੀ ਰਾਜਨੀਤੀ ਲਈ ਸੱਤਾ ਵਿੱਚ ਆਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ “ਇਨ੍ਹਾਂ ਪਾਰਟੀਆਂ ਕੋਲ ਨਾ ਕੋਈ ਦ੍ਰਿਸ਼ਟੀਕੋਣ ਹੈ ਤੇ ਨਾ ਹੀ ਲੋਕਾਂ ਦੀ ਚਿੰਤਾ — ਉਹ ਸਿਰਫ਼ ਆਮ ਆਦਮੀ ਦੀ ਆਵਾਜ਼ ਦਬਾਉਣ ਲਈ ਸੱਤਾ ਹਥਿਆਉਣਾ ਚਾਹੁੰਦੇ ਹਨ।”
ਮੁੱਖ ਮੰਤਰੀ ਨੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ’ਤੇ ਵੀ ਸਿੱਧੇ ਤੌਰ ’ਤੇ ਹਮਲਾ ਕਰਦਿਆਂ ਕਿਹਾ ਕਿ “ਉਨ੍ਹਾਂ ਨੇ ਖੇਤੀ ਕਰਕੇ ਨਹੀਂ, ਸਗੋਂ ਸੂਬੇ ਦੀ ਗੋਲਕ ਤੇ ਖ਼ਜ਼ਾਨੇ ਨੂੰ ਲੁੱਟ ਕੇ ਆਪਣੇ ਟਰਾਂਸਪੋਰਟ ਤੇ ਹੋਟਲ ਕਾਰੋਬਾਰ ਖੜੇ ਕੀਤੇ ਹਨ।”
ਉਨ੍ਹਾਂ ਵਿਅੰਗ ਕਰਦਿਆਂ ਕਿਹਾ — “ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਖੇਤੀ ਕਰਕੇ ਕੋਈ ਡੱਬਵਾਲੀ ਟਰਾਂਸਪੋਰਟ ਜਾਂ ਸੁੱਖ ਵਿਲਾਸ ਕਿਵੇਂ ਖੜਾ ਕਰ ਸਕਦਾ ਹੈ?”

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨਸ਼ਿਆਂ ਦੇ ਸਰਪ੍ਰਸਤ ਆਗੂਆਂ ਨਾਲ ਕੋਈ ਨਰਮੀ ਨਹੀਂ ਵਰਤੇਗੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪ੍ਰਭਾਵਸ਼ਾਲੀ ਆਗੂ, ਜੋ ਨਸ਼ੇ ਦੇ ਧੰਦੇ ਨੂੰ ਪਿੱਛੋਂ ਸਹਾਰਾ ਦਿੰਦੇ ਸਨ, ਹੁਣ ਸਲਾਖਾਂ ਪਿੱਛੇ ਹਨ
ਉਨ੍ਹਾਂ ਨੇ ਕਿਹਾ ਕਿ “ਹੁਣ ਉਹ ਦੌਰ ਖਤਮ ਹੋ ਗਿਆ ਜਦੋਂ ਰਸੂਖ਼ਵਾਨ ਆਗੂਆਂ ਨੂੰ ਕਾਨੂੰਨ ਛੂਹ ਨਹੀਂ ਸਕਦਾ ਸੀ।”
ਭਗਵੰਤ ਸਿੰਘ ਮਾਨ ਨੇ ਸਰਕਾਰ ਦੀਆਂ ਕਈ ਲੋਕ-ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ 19,000 ਕਿਲੋਮੀਟਰ ਤੋਂ ਵੱਧ ਲਿੰਕ ਸੜਕਾਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪੰਜਾਬ ਨੂੰ ਬਿਜਲੀ ਕੱਟ-ਮੁਕਤ ਸੂਬਾ ਬਣਾਉਣ ਲਈ 5000 ਕਰੋੜ ਰੁਪਏ ਦਾ ਪ੍ਰੋਜੈਕਟ ਚੱਲ ਰਿਹਾ ਹੈ।
ਵਿਦਿਆਰਥੀਆਂ ਲਈ ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਗਏ ਹਨ। 881 ਆਮ ਆਦਮੀ ਕਲੀਨਿਕਾਂ ਰਾਹੀਂ ਹੁਣ ਤੱਕ 1.75 ਕਰੋੜ ਲੋਕਾਂ ਨੂੰ ਮੁਫ਼ਤ ਇਲਾਜ ਤੇ ਦਵਾਈ ਦਿੱਤੀ ਜਾ ਚੁੱਕੀ ਹੈ।
55,000 ਤੋਂ ਵੱਧ ਯੋਗ ਨੌਜਵਾਨਾਂ ਨੂੰ ਮੈਰਿਟ ਅਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।

ਸੜਕ ਸੁਰੱਖਿਆ ਫੋਰਸ ਦੇ ਕਾਰਨ ਸੜਕ ਹਾਦਸਿਆਂ ਵਿੱਚ ਕਮੀ ਆਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਲੋਕਾਂ ਨੂੰ ਹਨੇਰੇ ਵਿੱਚ ਰੱਖਦੀਆਂ ਸਨ, ਪਰ ਅਸੀਂ ਹਰ ਫੈਸਲਾ ਲੋਕਾਂ ਦੀ ਭਲਾਈ ਲਈ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਸਾਡੇ ਲਈ ਰਾਜਨੀਤੀ ਦਾ ਮਤਲਬ ਸੱਤਾ ਨਹੀਂ, ਸੇਵਾ ਹੈ। ਪੰਜਾਬ ਦੇ ਹਰ ਇਲਾਕੇ ਦਾ ਵਿਕਾਸ ਸਾਡਾ ਮਕਸਦ ਹੈ।


Share & like

Leave a Reply