ਬੀਪੀਈਓ ਗੋਰਾਇਆ ਨੇ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ
“ਖੇਡਾਂ ਬੱਚਿਆਂ ਵਿੱਚ ਸਹਿਣਸ਼ੀਲਤਾ, ਅਨੁਸ਼ਾਸ਼ਨ ਤੇ ਆਪਸੀ ਪ੍ਰੇਮ ਪੈਦਾ ਕਰਦੀਆਂ ਹਨ”-ਗੁਰਇਕਬਾਲ ਸਿੰਘ ਗੋਰਾਇਆ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਦੀਨਾਨਗਰ/ਗੁਰਦਾਸਪੁਰ, 10 ਅਕਤੂਬਰ:
ਬਲਾਕ ਦੀਨਾਨਗਰ-2 ਅਧੀਨ ਪੈਂਦੇ ਸੈਂਟਰ ਡਾਲਾ ਦੇ ਸਰਕਾਰੀ ਹਾਈ ਸਕੂਲ ਡਾਲਾ ਵਿੱਚ ਕਲਸਟਰ ਪੱਧਰੀ ਖੇਡ ਮੁਕਾਬਲਿਆਂ ਦਾ ਸਫਲ ਆਯੋਜਨ ਕੀਤਾ ਗਿਆ। ਖੇਡਾਂ ਦਾ ਸ਼ਾਨਦਾਰ ਉਦਘਾਟਨ ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਰੇਨੂ ਬਾਲਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ।

ਮੌਕੇ ’ਤੇ ਅਥਲੈਟਿਕਸ, ਰੱਸਾਕਸੀ, ਕਬੱਡੀ, ਰੱਸੀ ਟੱਪਣਾ, ਗੋਲਾ ਸੁੱਟਣਾ, ਕੁਸ਼ਤੀ, ਬੈਡਮਿੰਟਨ ਸਮੇਤ ਕਈ ਰੋਮਾਂਚਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਮੁਕਾਬਲੇ ਬੇਹੱਦ ਉਤਸ਼ਾਹਪੂਰਨ ਰਹੇ ਅਤੇ ਮੈਦਾਨ ‘ਚ ਬੱਚਿਆਂ ਦਾ ਜੋਸ਼ ਦੇਖਣ ਵਾਲਾ ਸੀ।



ਮੁਕਾਬਲਿਆਂ ਤੋਂ ਬਾਅਦ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਗੁਰਇਕਬਾਲ ਸਿੰਘ ਗੋਰਾਇਆ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਨ੍ਹਾਂ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
ਆਪਣੇ ਸੰਬੋਧਨ ਦੌਰਾਨ ਸ੍ਰੀ ਗੋਰਾਇਆ ਨੇ ਕਿਹਾ ਕਿ,
“ਖੇਡਾਂ ਵਿਦਿਆਰਥੀ ਜੀਵਨ ਦਾ ਅਟੁਟ ਹਿੱਸਾ ਹਨ। ਇਹ ਬੱਚਿਆਂ ਵਿੱਚ ਸਹਿਣਸ਼ੀਲਤਾ, ਅਨੁਸ਼ਾਸ਼ਨ, ਜਿੱਤਣ ਦੀ ਲਾਲਸਾ, ਆਪਸੀ ਪ੍ਰੇਮ ਤੇ ਸਬਰ ਵਰਗੇ ਗੁਣ ਪੈਦਾ ਕਰਦੀਆਂ ਹਨ। ਖਿਡਾਰੀ ਸਰੀਰਕ ਤੌਰ ’ਤੇ ਮਜ਼ਬੂਤ ਰਹਿੰਦੇ ਹਨ ਅਤੇ ਦੇਸ਼ ਦਾ ਮਾਣ ਬਣਦੇ ਹਨ।”

ਉਨ੍ਹਾਂ ਨੇ ਐਲਾਨ ਕੀਤਾ ਕਿ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚੇ ਹੁਣ ਬਲਾਕ ਪੱਧਰੀ ਖੇਡਾਂ ਵਿੱਚ ਹਿੱਸਾ ਲੈਣਗੇ।
ਮੌਕੇ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਮੱਲੀਆਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਨੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਸਟੇਜ ਸਕੱਤਰ ਸੰਦੀਪ ਕੁਮਾਰ ਨੇ ਪ੍ਰੋਗਰਾਮ ਦੀ ਸੁਚੱਜੀ ਤਰ੍ਹਾਂ ਸਾਂਭ ਸੰਭਾਲ ਕੀਤੀ। ਕਲੱਸਟਰ ਡਾਲਾ ਦੇ ਸਮੂਹ ਸਟਾਫ਼ ਵੱਲੋਂ ਬਲਾਕ ਸਿੱਖਿਆ ਅਫ਼ਸਰ ਸ੍ਰੀ ਗੁਰਇਕਬਾਲ ਸਿੰਘ ਗੋਰਾਇਆ ਨੂੰ ਯਾਦ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਬੱਚਿਆਂ ਲਈ ਵਿਸ਼ੇਸ਼ ਤੌਰ ‘ਤੇ ਰਿਫਰੈਸ਼ਮੈਂਟ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਇਸ ਮੌਕੇ ਉੱਤੇ ਅਨੀਤਾ ਦੇਵੀ, ਮਨਦੀਪ ਕੌਰ, ਅਨੀਤਾ ਕੁਮਾਰੀ, ਦਿਨੇਸ਼ ਕੁਮਾਰ, ਕੇਵਲ ਕ੍ਰਿਸ਼ਨ, ਮਨਪ੍ਰੀਤ ਕੋਮਲ, ਰਾਜ ਕੁਮਾਰ, ਸਤਿੰਦਰ ਸਿੰਘ, ਰਾਜਵੰਤ ਕੌਰ, ਨੀਲਮਵੀਰ ਕੌਰ, ਅਸ਼ੋਕ ਕੁਮਾਰ, ਨਿਸ਼ਾ ਸੈਣੀ ਅਤੇ ਕਰਮਜੀਤ ਸਿੰਘ (ਪੀਟੀ) ਸਮੇਤ ਕਈ ਅਧਿਆਪਕ ਤੇ ਅਧਿਆਪਕਾਵਾਂ ਹਾਜ਼ਰ ਸਨ।











