ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੈਬਨਿਟ ਟੀਮ ਸਮੇਤ ਗੁਰਦਾਸਪੁਰ ਵਿੱਚ ਕੀਤੀਆਂ ਸਮੀਖਿਆ ਮੀਟਿੰਗਾਂ
ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਲਈ ਪੂਰੇ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ
ਸ੍ਰੀ ਆਨੰਦਪੁਰ ਸਾਹਿਬ ਵਿਖੇ ਲਾਈਟ ਐਂਡ ਸਾਊਂਡ ਸ਼ੋਅ, ਨਗਰ ਕੀਰਤਨ ਅਤੇ ਇਤਿਹਾਸਕ ਵਿਧਾਨ ਸਭਾ ਸੈਸ਼ਨ ਹੋਣਗੇ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 10 ਅਕਤੂਬਰ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਰੋਹਾਂ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਕੈਬਨਿਟ ਟੀਮ ਨੇ ਅੱਜ ਗੁਰਦਾਸਪੁਰ ਦੇ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗੀ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗਾਂ ਕਰਦਿਆਂ ਸਾਰੇ ਪ੍ਰਬੰਧ ਸਮੇਂ-ਸਿਰ ਅਤੇ ਉੱਚ ਮਿਆਰ ’ਤੇ ਪੂਰੇ ਕਰਨ ਦੇ ਹੁਕਮ ਦਿੱਤੇ ਹਨ।

ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ., ਸ. ਤਰੁਣਪ੍ਰੀਤ ਸਿੰਘ ਸੌਂਦ ਅਤੇ ਟੂਰਿਜ਼ਮ ਵਿਭਾਗ ਦੇ ਸਲਾਹਕਾਰ ਸ਼੍ਰੀ ਦੀਪਕ ਬਾਲੀ ਵੀ ਉਨ੍ਹਾਂ ਨਾਲ ਮੌਜੂਦ ਸਨ। ਮੀਟਿੰਗ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਡਾਇਰੈਕਟਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਸੰਜੇ ਤਿਵਾੜੀ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਐਸ.ਐਸ.ਪੀ. ਗੁਰਦਾਸਪੁਰ ਆਦਿੱਤਿਆ,
ਐਸ.ਐਸ.ਪੀ ਬਟਾਲਾ ਸੁਹੇਲ ਕਾਸਿਮ ਮੀਰ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਰਜਿੰਦਰ ਸਿੰਘ ਬੇਦੀ,
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ, ਸੀਨੀਅਰ ਆਗੂ ਰਮਨ ਬਹਿਲ, ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਸਮਸ਼ੇਰ ਸਿੰਘ, ਚੇਅਰਮੈਨ ਰਾਜੀਵ ਸ਼ਰਮਾ, ਜ਼ਿਲ੍ਹਾ ਮੀਡੀਆ ਇੰਚਾਰਜ਼ ਮੁੱਖਦੇਵ ਸਿੰਘ ਆਲੋਵਾਲ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਈ ਮਹੀਨਿਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਟੱਲ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਯਾਲਾ ਜੀ ਦੀ ਅਦੁੱਤੀ ਸ਼ਹੀਦਤ ਨੂੰ ਯੋਗ ਸ਼ਰਧਾਂਜਲੀ ਦੇਣ ਲਈ ਵਿਆਪਕ ਤਿਆਰੀਆਂ ਕਰ ਰਹੀ ਹੈ।
ਸ. ਹਰਜੋਤ ਸਿੰਘ ਬੈਂਸ ਨੇ ਮੀਟਿੰਗ ਦੌਰਾਨ ਦੋਵੇਂ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਕਿ ਸਫਾਈ, ਰੋਸ਼ਨੀ, ਸੜਕਾਂ ਦੀ ਮੁਰੰਮਤ, ਪਾਰਕਿੰਗ, ਪਾਣੀ ਸਹੂਲਤਾਂ ਅਤੇ ਸੁਰੱਖਿਆ ਪ੍ਰਬੰਧ ਨੂੰ ਤੁਰੰਤ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਧਾਰਮਿਕ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਨਾਲ ਮਿਲ ਕੇ ਤਿਆਰੀਆਂ ਕਰਨ ਦੀ ਅਪੀਲ ਕੀਤੀ ਤਾਂ ਜੋ ਸਾਰੇ ਸਮਾਰੋਹ ਸ਼ਾਂਤੀ, ਸ਼ਰਧਾ ਅਤੇ ਅਨੁਸ਼ਾਸਨ ਨਾਲ ਹੋ ਸਕਣ।

ਇਸ ਮੌਕੇ ਮਨਜੀਤ ਸਿੰਘ ਰਾਜਲਾ ਐਸ.ਡੀ.ਐਮ ਗੁਰਦਾਸਪੁਰ, ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ ਬਟਾਲਾ, ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਤਹਿਸੀਲਦਾਰ ਅਰਜਨ ਸਿੰਘ ਗਰੇਵਾਲ, ਤਹਿਸੀਲਦਾਰ ਰੇਸ਼ਮ ਸਿੰਘ ਐਸ.ਈ ਹਰਜੋਤ ਸਿੰਘ,ਐਕਸੀਆਨ ਵਿਜੇ ਕੁਮਾਰ, ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਉਂਸਲਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਈ ਮਹੀਨਿਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀਅ ਸ਼ਹੀਦੀ ਨੂੰ ਯੋਗ ਸ਼ਰਧਾਂਜਲੀ ਦੇਣ ਲਈ ਤਿਆਰੀ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਚਾਰ ਵੱਡੇ ਨਗਰ ਕੀਰਤਨ 19 ਨਵੰਬਰ ਤੋਂ ਵੱਖ ਵੱਖ ਸਥਾਨਾਂ ਤੋਂ ਸ਼ੁਰੂ ਹੋਣਗੇ ਜੋ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਗੇ।
ਪਹਿਲਾ ਨਗਰ ਕੀਰਤਨ ਸ੍ਰੀਨਗਰ ਤੋਂ ਸ਼ੁਰੂ ਹੋ ਕੇ ਜੰਮੂ, ਪਠਾਨਕੋਟ ਅਤੇ ਹੁਸ਼ਿਆਰਪੁਰ ਰਾਹੀਂ ਲੰਘੇਗਾ।
ਦੂਜਾ ਗੁਰਦਾਸਪੁਰ ਤੋਂ ਬਟਾਲਾ, ਬਾਬਾ ਬਕਾਲਾ ਅਤੇ ਅੰਮ੍ਰਿਤਸਰ ਰਾਹੀਂ।
ਤੀਜਾ ਫਰੀਦਕੋਟ ਤੋਂ ਫਿਰੋਜ਼ਪੁਰ, ਲੁਧਿਆਣਾ ਅਤੇ ਸ੍ਰੀ ਫਤੀਹਗੜ੍ਹ ਸਾਹਿਬ ਰਾਹੀਂ।
ਚੌਥਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਬਠਿੰਡਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਰਾਹੀਂ ਲੰਘੇਗਾ।
ਸ. ਬੈਂਸ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ, ਅੰਮ੍ਰਿਤਸਰ ਅਤੇ ਬਾਬਾ ਬਕਾਲਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਜੋ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸ਼ਹੀਦੀ ਨੂੰ ਪ੍ਰਗਟ ਕਰਨਗੇ। 1 ਨਵੰਬਰ ਤੋਂ 18 ਨਵੰਬਰ ਤਕ ਇਹ ਸ਼ੋਅ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੋਣਗੇ।
ਇਸ ਤੋਂ ਇਲਾਵਾ 23 ਤੋਂ 25 ਨਵੰਬਰ ਤਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੁੱਖ ਸਮਾਰੋਹ ਹੋਣਗੇ, ਜਿੱਥੇ ਇੱਕ ਕਰੋੜ ਤੋਂ ਵੱਧ ਸੰਗਤ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ “ਚੱਕ ਨਾਂਕੀ” ਟੈਂਟ ਸਿਟੀ ਵਿਚ ਹਰ ਰੋਜ਼ 11,000 ਤੋਂ ਵੱਧ ਸੰਗਤਾਂ ਲਈ ਰਿਹਾਇਸ਼ ਦਾ ਪ੍ਰਬੰਧ ਹੋਵੇਗਾ।
ਤਿੰਨ ਦਿਨਾਂ ਦੇ ਸਮਾਰੋਹਾਂ ਵਿੱਚ ਅਖੰਡ ਪਾਠ ਸਾਹਿਬ, ਸਰਬ ਧਰਮ ਸਮਾਗਮ, ਵੀਰਾਸਤ-ਏ-ਖਾਲਸਾ ਪ੍ਰਦਰਸ਼ਨੀ, ਡਰੋਨ ਸ਼ੋਅ ਅਤੇ ‘ਸ਼ਹੀਦਤ ਦੀ ਲੋ’ ਪ੍ਰੋਗਰਾਮ ਸ਼ਾਮਲ ਹੋਣਗੇ। ਪੰਜਾਬ ਵਿਧਾਨ ਸਭਾ ਵੱਲੋਂ ਭਾਈ ਜੈਤਾ ਜੀ ਸਮਾਰਕ ਵਿਖੇ ਪਹਿਲੀ ਵਾਰ ਵਿਸ਼ੇਸ਼ ਇਤਿਹਾਸਕ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ।
ਸ. ਬੈਂਸ ਨੇ ਗੁਰਦੁਆਰਾ ਬਾਬਾ ਹਰੀ ਸਿੰਘ ਜੀ ਬਥਵਾਲਾ ਵਿਖੇ ਨਗਰ ਕੀਰਤਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਹ ਸ੍ਰੀ ਅੰਮ੍ਰਿਤਸਰ ਵਿਖੇ ਵੀ ਸਮੀਖਿਆ ਮੀਟਿੰਗ ਲਈ ਪਹੁੰਚੇ।

ਇਸ ਮੌਕੇ ਮਨਜੀਤ ਸਿੰਘ ਰਾਜਲਾ ਐਸ.ਡੀ.ਐਮ ਗੁਰਦਾਸਪੁਰ, ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ ਬਟਾਲਾ, ਤਹਿਸੀਲਦਾਰ ਅਰਜਨ ਸਿੰਘ ਗਰੇਵਾਲ, ਤਹਿਸੀਲਦਾਰ ਰੇਸ਼ਮ ਸਿੰਘ, ਐਸ.ਈ ਹਰਜੋਤ ਸਿੰਘ, ਐਕਸੀਆਨ ਵਿਜੇ ਕੁਮਾਰ ਅਤੇ ਪਰਮਿੰਦਰ ਸਿੰਘ ਸੈਣੀ (ਜਿਲ੍ਹਾ ਗਾਈਡੈਂਸ ਕਾਉਂਸਲਰ) ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਅੰਤ ਵਿੱਚ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਾਡੀ ਧਾਰਮਿਕ ਆਜ਼ਾਦੀ, ਦਇਆ ਅਤੇ ਸੱਚਾਈ ਦੀ ਪ੍ਰਤੀਕ ਹੈ। ਪੰਜਾਬ ਸਰਕਾਰ ਦਾ ਮਕਸਦ ਹੈ ਕਿ ਇਹ ਸਮਾਰੋਹ ਸਿਰਫ਼ ਧਾਰਮਿਕ ਹੀ ਨਹੀਂ, ਸਗੋਂ ਆਤਮਕਤਾ ਅਤੇ ਪ੍ਰਬੰਧਕੀ ਸੁਚਾਰੂਪਣ ਦਾ ਵੀ ਵਿਲੱਖਣ ਉਦਾਹਰਣ ਬਨਣ।










