ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 8 ਅਕਤੂਬਰ
ਵੋਟਰਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਦਿਆਂ ਭਾਰਤ ਚੋਣ ਕਮਿਸ਼ਨ ਨੇ ਇਕ ਨਵੀਂ ਡਿਜਿਟਲ ਸੇਵਾ “ਬੁੱਕ ਏ ਕਾਲ ਵਿਦ ਬੀ.ਐਲ.ਓ.” (Book a Call with BLO) ਦੀ ਸ਼ੁਰੂਆਤ ਕੀਤੀ ਹੈ। ਇਸ ਨਵੀਂ ਸੁਵਿਧਾ ਰਾਹੀਂ ਵੋਟਰ ਹੁਣ ਆਪਣੇ ਵੋਟਰ ਸੂਚੀ ਸਬੰਧੀ ਸਮੱਸਿਆਵਾਂ — ਜਿਵੇਂ ਨਵੀਂ ਐਂਟਰੀ, ਸੋਧ, ਪਤਾ ਬਦਲਣਾ ਆਦਿ — ਬਾਰੇ ਸਿੱਧੇ ਆਪਣੇ ਬੂਥ ਲੈਵਲ ਅਫਸਰ (BLO) ਨਾਲ ਗੱਲਬਾਤ ਕਰ ਸਕਣਗੇ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਸੇਵਾ ਭਾਰਤ ਚੋਣ ਕਮਿਸ਼ਨ ਦੇ ਵੋਟਰ ਸਰਵਿਸ ਪੋਰਟਲ https://voters.eci.gov.in ‘ਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਵੋਟਰ ਆਪਣੇ ਰਜਿਸਟਰਡ ਮੋਬਾਇਲ ਨੰਬਰ ਜਾਂ ਵੋਟਰ ਕਾਰਡ ਨੰਬਰ ਰਾਹੀਂ ਲਾਗਇਨ ਕਰ ਸਕਦੇ ਹਨ। ਓਟੀਪੀ ਪ੍ਰਮਾਣੀਕਰਨ ਤੋਂ ਬਾਅਦ, ਕਾਲ ਬੇਨਤੀ ਸਬੰਧਤ ਬੀ.ਐਲ.ਓ. ਤੱਕ ਪਹੁੰਚ ਜਾਵੇਗੀ, ਜੋ ਵੋਟਰ ਨਾਲ ਸੰਪਰਕ ਕਰਕੇ ਉਸਦੀ ਸਮੱਸਿਆ ਦਾ ਹੱਲ ਕਰੇਗਾ ਅਤੇ ਸਿਸਟਮ ਤੇ ਸਥਿਤੀ ਅਪਡੇਟ ਕਰੇਗਾ।
ਉਨ੍ਹਾਂ ਦੱਸਿਆ ਕਿ ਇਹ ਪੂਰੀ ਪ੍ਰਕਿਰਿਆ ਡਿਜਿਟਲ ਅਤੇ ਪਾਰਦਰਸ਼ੀ ਹੈ, ਜਿਸ ਨਾਲ ਸਮੱਸਿਆਵਾਂ ਦਾ ਤੁਰੰਤ ਨਿਵੇੜਾ ਅਤੇ ਜਵਾਬਦੇਹੀ ਯਕੀਨੀ ਬਣੇਗੀ। ਜਦੋਂ ਬੀ.ਐਲ.ਓ. ਵੱਲੋਂ ਕਾਰਵਾਈ ਪੂਰੀ ਹੋ ਜਾਵੇਗੀ, ਤਦ ਸਿਸਟਮ ਵੋਟਰ ਨੂੰ ਸੂਚਿਤ ਕਰੇਗਾ ਕਿ ਉਸਦੀ ਬੇਨਤੀ ਦਾ ਨਿਵੇੜਾ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਆਨਲਾਈਨ ਸੇਵਾ ਦਾ ਪੂਰਾ ਲਾਭ ਉਠਾਉਣ ਅਤੇ ਆਪਣੇ ਵੋਟਰ ਰਿਕਾਰਡਾਂ ਨੂੰ ਅਪਡੇਟ ਰੱਖਣ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਦਿੱਤੀਆਂ ਸਾਰੀਆਂ ਸੇਵਾਵਾਂ ਦਾ ਉਦੇਸ਼ ਵੋਟਰਾਂ ਤੱਕ ਸਹੂਲਤ, ਪਾਰਦਰਸ਼ੀਤਾ ਤੇ ਜਾਗਰੂਕਤਾ ਪਹੁੰਚਾਉਣਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਕ ਸੋਸ਼ਲ ਮੀਡੀਆ ਪਲੇਟਫਾਰਮਾਂ — ਫੇਸਬੁੱਕ, ਇੰਸਟਾਗ੍ਰਾਮ, ਐਕਸ (ਟਵੀਟਰ) ਅਤੇ ਯੂਟਿਊਬ — ਨੂੰ ਫਾਲੋ ਕਰਨ, ਤਾਂ ਜੋ ਚੋਣਾਂ ਸਬੰਧੀ ਤਾਜ਼ਾ ਜਾਣਕਾਰੀਆਂ, ਨਿਰਦੇਸ਼ ਅਤੇ ਜਾਗਰੂਕਤਾ ਸੰਦੇਸ਼ ਸਮੇਂ-ਸਮੇਂ ‘ਤੇ ਪ੍ਰਾਪਤ ਹੁੰਦੇ ਰਹਿਣ।
📱 ਵੋਟਰ ਸਰਵਿਸ ਪੋਰਟਲ: https://voters.eci.gov.in
🇮🇳 ਨਵੀਂ ਸੇਵਾ — ਡਿਜਿਟਲ ਯੁੱਗ ਵੱਲ ਚੋਣ ਕਮਿਸ਼ਨ ਦਾ ਇਕ ਹੋਰ ਕਦਮ।











