Share & like

ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਵਾਸਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 6 ਅਕਤੂਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਬਲਾਕ ਗੁਰਦਾਸਪੁਰ-2 ਦੇ ਸੈਂਟਰ ਸੇਖਾ ਅਧੀਨ ਆਉਂਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਗਰਮੁਦੀਆਂ ਵਿਖੇ ਆਯੋਜਿਤ ਕੀਤੀ ਗਈ।

ਇਹ ਟ੍ਰੇਨਿੰਗ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ਼੍ਰੀਮਤੀ ਪਰਮਜੀਤ ਕੌਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਰਾਕੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸੁਖਦੇਵ ਰਾਜ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਹਲਕਾ ਦੀਨਾਨਗਰ ਅਤੇ ਗੁਰਨਾਮ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਅਕਾਦਮਿਕ ਸਹਾਇਤਾ ਗਰੁੱਪ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।

ਵਰਕਸ਼ਾਪ ਦੌਰਾਨ ਬਲਾਕ ਰਿਸੋਰਸ ਕੋਆਰਡੀਨੇਟਰ ਸ਼੍ਰੀਮਤੀ ਸੁਖਬੀਰ ਕੌਰ ਅਤੇ ਸ਼੍ਰੀ ਸੁਮੀਤ ਭਾਰਦਵਾਜ ਨੇ ਸਮੂਹ ਹਾਜ਼ਰ ਕਮੇਟੀ ਮੈਂਬਰਾਂ ਨੂੰ ਵਿਸਥਾਰ ਨਾਲ ਐਸ.ਐਮ.ਸੀ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਦੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਕਰਤਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਵੱਲੋਂ ਇਹ ਵੀ ਵਿਆਖਿਆ ਕੀਤੀ ਗਈ ਕਿ ਸਕੂਲਾਂ ਦੀ ਗੁਣਵੱਤਾ, ਵਿਦਿਆਰਥੀਆਂ ਦੀ ਹਾਜ਼ਰੀ, ਵਿੱਤੀ ਪ੍ਰਬੰਧਨ, ਅਤੇ ਸਿੱਖਿਕ ਵਾਤਾਵਰਣ ਨੂੰ ਬਿਹਤਰ ਬਣਾਉਣ ਵਿੱਚ ਐਸਐਮਸੀ ਕਮੇਟੀਆਂ ਦਾ ਕੀ ਮਹੱਤਵ ਹੈ।

ਇਸ ਮੌਕੇ ਹਲਕਾ ਗੁਰਦਾਸਪੁਰ ਦੇ ਸਿੱਖਿਆ ਸ਼ਾਸਤਰੀ ਸ਼੍ਰੀ ਸੁਖਦੇਵ ਰਾਜ ਅਤੇ ਬੀਪੀਈਓ ਸ਼੍ਰੀ ਰਾਕੇਸ਼ ਕੁਮਾਰ ਵੱਲੋਂ ਵੀ ਹਾਜ਼ਰ ਕਮੇਟੀ ਮੈਂਬਰਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਐਸਐਮਸੀ ਕਮੇਟੀਆਂ ਸਿੱਖਿਆ ਪ੍ਰਣਾਲੀ ਦਾ ਅਹਿਮ ਹਿੱਸਾ ਹਨ ਜੋ ਸਕੂਲਾਂ ਦੇ ਸੁਚਾਰੂ ਪ੍ਰਬੰਧਨ, ਮਾਪਿਆਂ ਦੀ ਭਾਗੀਦਾਰੀ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ।

ਇੰਚਾਰਜ ਸ਼੍ਰੀ ਦਿਲਬਾਗ ਕੌਂਡਲ ਵੱਲੋਂ ਸਮੂਹ ਪ੍ਰਬੰਧਨ ਦੀ ਸ਼ਾਨਦਾਰ ਤਰੀਕੇ ਨਾਲ ਵਿਵਸਥਾ ਕੀਤੀ ਗਈ ਜਿਸ ਲਈ ਉਨ੍ਹਾਂ ਦੀ ਸਰਾਹਨਾ ਕੀਤੀ ਗਈ। ਵਰਕਸ਼ਾਪ ਦੌਰਾਨ ਸਾਰੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਭਵਿੱਖ ਵਿੱਚ ਆਪਣੇ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਸੁਧਾਰਨ ਦਾ ਵਾਅਦਾ ਕੀਤਾ।


Share & like

Leave a Reply