ਬੀਪੀਈਓ ਦੋਰਾਂਗਲਾ ਵੱਲੋਂ ਸੰਭਾਵਿਤ ਹੜਾਂ ਦੇ ਖ਼ਤਰੇ ਨੂੰ ਦੇਖਦਿਆਂ ਸਕੂਲ ਮੁਖੀਆਂ ਨਾਲ ਜੂਮ ਮੀਟਿੰਗ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਬਹਿਰਾਮਪੁਰ/ਗੁਰਦਾਸਪੁਰ, 6 ਅਕਤੂਬਰ
ਇਲਾਕੇ ਵਿੱਚ ਲਗਾਤਾਰ ਹੋ ਰਹੀ ਬਾਰਸ਼ ਤੋਂ ਬਾਅਦ ਸਰਹੱਦੀ ਬਲਾਕ ਦੋਰਾਂਗਲਾ ਵਿੱਚ ਇੱਕ ਵਾਰ ਫਿਰ ਹੜਾਂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਸ੍ਰੀ ਨਰੇਸ਼ ਕੁਮਾਰ ਪਨਿਆੜ ਨੇ ਸਮੂਹ ਸਕੂਲ ਮੁਖੀਆਂ ਨਾਲ ਜੂਮ ਮੀਟਿੰਗ ਕਰਕੇ ਉਨ੍ਹਾਂ ਨੂੰ ਸੁਚੇਤ ਰਹਿਣ ਤੇ ਲੋੜੀਂਦੇ ਉਪਾਅ ਕਰਨ ਦੀ ਹਦਾਇਤ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਹੋਈਆਂ ਭਾਰੀ ਬਾਰਸ਼ਾਂ ਅਤੇ ਹੜਾਂ ਕਾਰਨ ਬਲਾਕ ਦੋਰਾਂਗਲਾ ਦੇ ਕਈ ਸਕੂਲਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਕੁਝ ਸਕੂਲਾਂ ਵਿੱਚ ਤਾਂ ਪਾਣੀ ਦਾ ਪੱਧਰ ਚਾਰ ਫੁੱਟ ਤੱਕ ਪਹੁੰਚ ਗਿਆ ਸੀ ਜਿਸ ਕਰਕੇ ਬਹੁਤ ਸਾਰਾ ਸਕੂਲੀ ਰਿਕਾਰਡ ਖ਼ਰਾਬ ਹੋ ਗਿਆ ਸੀ। ਮੌਸਮ ਵਿਭਾਗ ਵੱਲੋਂ ਭਾਰੀ ਬਾਰਸ਼ ਦੀ ਨਵੀਂ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਬੀਪੀਈਓ ਨੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕਰਨ ਦੇ ਆਦੇਸ਼ ਦਿੱਤੇ ਹਨ।

ਮੀਟਿੰਗ ਦੌਰਾਨ ਸਾਰੇ 73 ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਸਕੂਲ ਛੱਡਣ ਤੋਂ ਪਹਿਲਾਂ ਜ਼ਰੂਰੀ ਰਿਕਾਰਡ, ਦਸਤਾਵੇਜ਼ ਤੇ ਸਾਮਾਨ ਨੂੰ ਉੱਚੀ ਜਗ੍ਹਾ ਤੇ ਸੰਭਾਲਿਆ ਜਾਵੇ ਤਾਂ ਜੋ ਸੰਭਾਵਿਤ ਪਾਣੀ ਭਰਨ ਦੀ ਸਥਿਤੀ ਵਿੱਚ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਸਕੂਲਾਂ ਦੇ ਆਲੇ ਦੁਆਲੇ ਡਰੇਨੇਜ ਪ੍ਰਣਾਲੀ ਨੂੰ ਸਾਫ਼ ਰੱਖਣ, ਬਿਜਲੀ ਦੇ ਉਪਕਰਣ ਬੰਦ ਕਰਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ ਬਾਰੇ ਵੀ ਹਦਾਇਤਾਂ ਦਿੱਤੀਆਂ ਗਈਆਂ।
ਬੀਪੀਈਓ ਨਰੇਸ਼ ਕੁਮਾਰ ਪਨਿਆੜ ਨੇ ਇਸ ਮੌਕੇ ਸਕੂਲ ਮੁਖੀਆਂ ਨੂੰ “ਇਕ ਪੇੜ ਮਾਂ ਕੇ ਨਾਮ” ਮੁਹਿੰਮ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ, ਤਾਂ ਜੋ ਪ੍ਰਕਿਰਤੀ ਦੀ ਸੰਭਾਲ ਨਾਲ ਨਾਲ ਹਰੇ-ਭਰੇ ਵਾਤਾਵਰਣ ਦੀ ਰਚਨਾ ਕੀਤੀ ਜਾ ਸਕੇ।
ਇਸ ਜੂਮ ਮੀਟਿੰਗ ਦੌਰਾਨ ਸੈਂਟਰ ਹੈਡ ਟੀਚਰ ਸੋਨੂੰ ਕੁਮਾਰ, ਪਰਦੀਪ ਕੁਮਾਰ, ਮਦਨ ਗੋਪਾਲ, ਮੈਡਮ ਸ਼ਸ਼ੀ, ਗੁਰਪ੍ਰੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਮਾਨ, ਅਤੁਲ ਮਹਾਜਨ, ਹੈਡ ਟੀਚਰ ਨਿਧੀ, ਅਨਿਲ ਇਸਲਾਮ ਪੁਰ, ਸੰਦੀਪ ਕੁਮਾਰ, ਵਿਕਰਮਦੀਪ ਸਿੰਘ ਪਸਿਆਲ ਅਤੇ ਸੁਖਬਿੰਦਰ ਕੌਰ ਸਮੇਤ ਸਾਰੇ ਸਕੂਲ ਮੁਖੀ ਹਾਜ਼ਰ ਸਨ।

ਬਲਾਕ ਸਿੱਖਿਆ ਅਧਿਕਾਰੀ ਨੇ ਵਿਸ਼ਵਾਸ ਜਤਾਇਆ ਕਿ ਜੇਕਰ ਸਮੇਂ ਸਿਰ ਸਾਰੇ ਸਕੂਲ ਮੁਖੀ ਸੁਰੱਖਿਆ ਪ੍ਰਬੰਧਾਂ ‘ਤੇ ਕੰਮ ਕਰਦੇ ਰਹੇ ਤਾਂ ਹੜਾਂ ਦੇ ਸੰਭਾਵਿਤ ਖ਼ਤਰੇ ਨੂੰ ਘੱਟ ਕੀਤਾ ਜਾ ਸਕੇਗਾ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇਗੀ।










