ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 4 ਅਕਤੂਬਰ
ਪੰਜਾਬ ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਵੱਲੋਂ ਆਪਣੇ ਹੱਕਾਂ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਸਟੇਟ ਮਨਿਸਟੀਰੀਅਲ ਸਟਾਫ (ਸਭ ਆਫਿਸ) ਐਸੋਸੀਏਸ਼ਨ ਨੇ ਕਲਰਕਾਂ ਅਤੇ ਜੂਨੀਅਰ ਅਸਿਸਟੈਂਟਾਂ ਦੀਆਂ ਲੰਬੇ ਸਮੇਂ ਤੋਂ ਰੁਕੀ ਪਈਆਂ ਤਰੱਕੀਆਂ ਨਾ ਹੋਣ ਕਰਕੇ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ।

ਐਸੋਸੀਏਸ਼ਨ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਕਈ ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਕਲਰਕ/ਜੂਨੀਅਰ ਅਸਿਸਟੈਂਟਾਂ ਦੀਆਂ ਪਰੋਮੋਸ਼ਨਾਂ ਨਹੀਂ ਕੀਤੀਆਂ ਗਈਆਂ। ਇਸ ਕਰਕੇ ਸੈਂਕੜੇ ਕਰਮਚਾਰੀ ਆਪਣੇ ਪੂਰੇ ਸੇਵਾਕਾਲ ਦੌਰਾਨ ਬਿਨਾਂ ਤਰੱਕੀ ਦੇ ਹੀ ਰਿਟਾਇਰ ਹੋ ਰਹੇ ਹਨ, ਜਿਸ ਨਾਲ ਦਫ਼ਤਰੀ ਅਮਲੇ ਵਿੱਚ ਭਾਰੀ ਰੋਸ ਪੈਦਾ ਹੋ ਰਿਹਾ ਹੈ।
ਐਸੋਸੀਏਸ਼ਨ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਪਰੋਮੋਸ਼ਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਕਲਰਕਾਂ/ਜੂਨੀਅਰ ਅਸਿਸਟੈਂਟਾਂ ਨੂੰ ਸੀਨੀਅਰ ਸਹਾਇਕਾਂ ਦੇ ਅਹੁਦਿਆਂ ‘ਤੇ ਤਰੱਕੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੜਤਾਲੀ ਰੂਪ ਹੋਰ ਤੇਜ਼ ਕੀਤਾ ਜਾਵੇਗਾ।
ਸੂਬਾ ਪ੍ਰੈੱਸ ਸੈਕਟਰੀ ਸ. ਮਨਜਿੰਦਰ ਸਿੰਘ ਬੱਲ ਨੇ ਦੱਸਿਆ ਕਿ 13 ਅਕਤੂਬਰ ਤੋਂ ਸਿੱਖਿਆ ਵਿਭਾਗ ਦੇ ਸਾਰੇ ਦਫ਼ਤਰ ਅਤੇ ਸਕੂਲਾਂ ਵਿੱਚ ਦਫ਼ਤਰੀ ਕੰਮਕਾਜ ਪੂਰੀ ਤਰ੍ਹਾਂ ਬੰਦ ਰਹੇਗਾ। ਸਮੂਹ ਕਲੈਰੀਕਲ ਅਮਲਾ ਅਣਮਿਥੇ ਸਮੇਂ ਲਈ ਛੁੱਟੀ ‘ਤੇ ਰਹੇਗਾ।
ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਅਤੇ ਜਨਰਲ ਸਕੱਤਰ ਪਵਨਦੀਪ ਸ਼ਰਮਾ ਨੇ ਕਿਹਾ ਕਿ ਜੇ ਤਰੱਕੀਆਂ ਸਬੰਧੀ ਮਾਮਲਾ ਹੱਲ ਨਾ ਕੀਤਾ ਗਿਆ ਤਾਂ 19 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਮੂਹ ਕਲੈਰੀਕਲ ਅਮਲਾ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਦਰਸ਼ਨ ਕਰੇਗਾ।

ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਰਾਜ ਪੱਧਰ ‘ਤੇ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।










