ਤਿੰਨ ਸੈਂਟਰਾਂ ‘ਤੇ ਪੰਜਾਬ ਸਰਕਾਰ ਵੱਲੋਂ 1.05 ਕਰੋੜ ਰੁਪਏ ਹੋਣਗੇ ਖਰਚ
ਸਿਹਤ ਕ੍ਰਾਂਤੀ ਤਹਿਤ ਲੋਕਾਂ ਨੂੰ ਮਿਲ ਰਹੀਆਂ ਮਿਆਰੀ ਸਿਹਤ ਸੇਵਾਵਾਂ : ਰਮਨ ਬਹਿਲ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 4 ਅਕਤੂਬਰ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਨੇ ਅੱਜ ਹਲਕੇ ਦੇ ਪਿੰਡ ਹੇਮਰਾਜਪੁਰ, ਹਯਾਤ ਨਗਰ ਅਤੇ ਸਾਧੂਚੱਕ ਵਿਖੇ ਨਵੇਂ ਬਣਨ ਵਾਲੇ ਹੈਲਥ ਐਂਡ ਵੈਲਨੈਸ ਸੈਂਟਰਾਂ ਦੇ ਨੀਂਹ ਪੱਥਰ ਰੱਖੇ। ਇਹਨਾਂ ਤਿੰਨ ਪ੍ਰੋਜੈਕਟਾਂ ਉੱਤੇ ਪੰਜਾਬ ਸਰਕਾਰ ਵੱਲੋਂ 1.05 ਕਰੋੜ ਰੁਪਏ ਦੀ ਲਾਗਤ ਆਏਗੀ।

ਰਮਨ ਬਹਿਲ ਨੇ ਇਸ ਮੌਕੇ ਕਿਹਾ ਕਿ ਸਿਹਤ ਸੇਵਾਵਾਂ ਹਮੇਸ਼ਾਂ ਤੋਂ ਹੀ ਭਗਵੰਤ ਮਾਨ ਸਰਕਾਰ ਦੀ ਪਹਿਲੀ ਤਰਜੀਹ ਰਹੀਆਂ ਹਨ। ਸਿਹਤ ਕ੍ਰਾਂਤੀ ਦੇ ਤਹਿਤ ਸਰਕਾਰ ਨੇ ਰਾਜ ਭਰ ਵਿੱਚ ਹਸਪਤਾਲਾਂ ਤੇ ਸਿਹਤ ਸੰਸਥਾਵਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਘਰ-ਘਰ ਮੁਫ਼ਤ ਤੇ ਮਿਆਰੀ ਸੇਵਾਵਾਂ ਮਿਲ ਰਹੀਆਂ ਹਨ, ਅਤੇ ਹੁਣ ਇਹ ਨਵੇਂ ਹੈਲਥ ਐਂਡ ਵੈਲਨੈਸ ਸੈਂਟਰ ਇਸ ਮਿਸ਼ਨ ਨੂੰ ਹੋਰ ਮਜ਼ਬੂਤੀ ਦੇਣਗੇ।

ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਹਲਕੇ ਵਿੱਚ ਸਿਹਤ ਖੇਤਰ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਲਿਆਂਦੇ ਗਏ ਹਨ, ਜਿਸ ਨਾਲ ਜ਼ਿਲ੍ਹਾ ਹਸਪਤਾਲ ਬੱਬਰੀ ਗੁਰਦਾਸਪੁਰ ਦੀ ਕਾਇਆ ਕਲਪ ਹੋ ਚੁੱਕੀ ਹੈ। ਬੰਦ ਪਿਆ ਪੁਰਾਣਾ ਸਿਵਲ ਹਸਪਤਾਲ ਵੀ ਮੁੜ ਚਾਲੂ ਹੋ ਚੁੱਕਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਮਿਲੀ ਹੈ।
ਰਮਨ ਬਹਿਲ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਵਿਕਾਸ ਦੀ ਰਾਜਨੀਤੀ ਕਰਦੇ ਆਏ ਹਨ ਅਤੇ ਗੁਰਦਾਸਪੁਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਉਹਨਾਂ ਦੇ ਯਤਨ ਅਗਾਂਹ ਵੀ ਜਾਰੀ ਰਹਿਣਗੇ।

ਇਸ ਮੌਕੇ ਹਨੀ ਬਹਿਲ, ਬਾਬਾ ਬਹਿਲ, ਕਪਿਲ ਬਹਿਲ, ਰਜੇਸ਼ ਬਹਿਲ, ਸਰਪੰਚ ਰਣਵੀਰ ਸਿੰਘ ਰੋਮੀ, ਸਰਪੰਚ ਰਣਜੀਤ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਸੁਖਵਿੰਦਰ ਪਾਲ ਸਿੰਘ ਸਮੇਤ ਇਲਾਕੇ ਦੇ ਹੋਰ ਵੀ ਮੁਹਤਬਰ ਹਾਜ਼ਰ ਸਨ।










