Share & like

ਕਮੇਟੀ ਮੈਂਬਰਾਂ ਅਤੇ ਅਧਿਆਪਕਾਂ ਦੇ ਆਪਸੀ ਤਾਲਮੇਲ ਨਾਲ ਬਦਲੇਗੀ ਸਕੂਲਾਂ ਦੀ ਨੁਹਾਰ

ਟਰੇਨਿੰਗ ਦੌਰਾਨ “ਸਕੂਲ ਦੀ ਤਰੱਕੀ ਸਭ ਦੀ ਜਿੰਮੇਵਾਰੀ” ਦਾ ਨਾਅਰਾ ਗੂੰਜਿਆ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਦੀਨਾਨਗਰ/ਗੁਰਦਾਸਪੁਰ, 4 ਅਕਤੂਬਰ
ਸਿੱਖਿਆ ਬਲਾਕ ਦੀਨਾਨਗਰ-2 ਦੇ ਕਲਸਟਰ ਡਾਲਾ ਅਧੀਨ ਪੈਂਦੇ ਸਮੂਹ ਸਰਕਾਰੀ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ (SMC) ਦੇ ਮੈਂਬਰਾਂ ਅਤੇ ਨੁਮਾਇੰਦਿਆਂ ਦੀ ਇੱਕ ਰੋਜ਼ਾ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ “ਸਕੂਲ ਦੀ ਤਰੱਕੀ ਸਭ ਦੀ ਜਿੰਮੇਵਾਰੀ” ਨਾਅਰੇ ਹੇਠ ਕੀਤਾ ਗਿਆ। ਇਹ ਪ੍ਰੋਗਰਾਮ ਬਲਾਕ ਸਿੱਖਿਆ ਅਫ਼ਸਰ ਸ੍ਰੀ ਗੁਰਇਕਬਾਲ ਸਿੰਘ ਅਤੇ ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਰੇਣੂ ਬਾਲਾ ਦੀ ਮੇਜ਼ਬਾਨੀ ਹੇਠ ਸਰਕਾਰੀ ਪ੍ਰਾਇਮਰੀ (ਸੈਂਟਰ) ਸਕੂਲ ਡਾਲਾ ਵਿੱਚ ਹੋਇਆ।

ਫੋਟੋ ਕੈਪਸ਼ਨ: ਬੀਆਰਸੀ ਸੰਦੀਪ ਸ਼ਰਮਾ ਟਰੇਨਿੰਗ ਦੌਰਾਨ ਕਮੇਟੀ ਮੈਂਬਰਾਂ ਨੂੰ ਜਾਣਕਾਰੀ ਦਿੰਦੇ ਹੋਏ। ਫੋਟੋ: ਬੈਂਸ
ਟਰੇਨਿੰਗ ਵਿੱਚ ਵਿਸ਼ੇਸ਼ ਮਹਿਮਾਨਾਂ ਦੀ ਸ਼ਮੂਲੀਅਤ
ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਸ੍ਰੀ ਸੁਖਦੇਵ ਰਾਜ, ਸ੍ਰੀ ਜੈਲ ਸਿੰਘ, ਸ੍ਰੀ ਸੰਸਾਰ ਸਿੰਘ, ਰਿਟਾਇਰਡ ਹੈੱਡ ਮਾਸਟਰ ਜੁਗਲ ਕਿਸ਼ੋਰ, ਮਿਸ਼ਨ ਸਮਰੱਥ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗੁਰਨਾਮ ਸਿੰਘ, ਸਿੱਖਿਆ ਵਰਕਰ ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰੀ ਸਾਬ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਕਮੇਟੀ ਮੈਂਬਰਾਂ ਨਾਲ ਰੁਬਰੂ ਹੋਏ।

ਫੋਟੋ ਕੈਪਸ਼ਨ: ਸਰਕਾਰੀ ਪ੍ਰਾਇਮਰੀ ਸਕੂਲ ਡਾਲਾ ਵਿਖੇ ਮਹਿਮਾਨਾਂ ਦਾ ਸੁਆਗਤ ਕੀਤੇ ਜਾਣ ਦੀ ਝਲਕ।

ਸਿੱਖਿਆ ਅਫ਼ਸਰ ਗੁਰਇਕਬਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਉੱਚੀ ਕਰਨ ਲਈ ਵੱਡੇ ਪੱਧਰ ‘ਤੇ ਯਤਨ ਜਾਰੀ ਹਨ।
ਉਹਨਾਂ ਕਿਹਾ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟਰੇਨਿੰਗ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਮੇਟੀ ਮੈਂਬਰ ਸਕੂਲ ਦੇ ਵਿਕਾਸ ਕੰਮਾਂ ਵਿੱਚ ਸਿੱਧੀ ਹਿੱਸੇਦਾਰੀ ਨਿਭਾਉਣ ਅਤੇ ਜ਼ਿੰਮੇਵਾਰ ਬਣਨ

ਫੋਟੋ ਕੈਪਸ਼ਨ: ਬਲਾਕ ਸਿੱਖਿਆ ਅਫਸਰ ਗੁਰ ਇਕਬਾਲ ਸਿੰਘ ਟਰੇਨਿੰਗ ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ। ਫੋਟੋ: ਬੈਂਸ,

ਹਲਕਾ ਦੀਨਾਨਗਰ ਦੇ ਸਿੱਖਿਆ ਕੋਆਰਡੀਨੇਟਰ ਸੁਖਦੇਵ ਰਾਜ ਨੇ ਕਿਹਾ ਕਿ ਸਕੂਲਾਂ ਦੀ ਤਰੱਕੀ ਲਈ ਅਧਿਆਪਕਾਂ ਅਤੇ ਕਮੇਟੀ ਮੈਂਬਰਾਂ ਵਿਚਕਾਰ ਮਜ਼ਬੂਤ ਤਾਲਮੇਲ ਲਾਜ਼ਮੀ ਹੈ।
ਉਹਨਾਂ ਨੇ ਜ਼ੋਰ ਦਿੱਤਾ ਕਿ ਕਮੇਟੀ ਮੈਂਬਰਾਂ ਨੂੰ ਨਾ ਸਿਰਫ਼ ਸਕੂਲ ਦੇ ਵਿਕਾਸ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਸਗੋਂ ਦਾਖਲਾ ਮੁਹਿੰਮਾਂ ਅਤੇ ਮਿਡ ਡੇ ਮੀਲ ਦੀ ਗੁਣਵੱਤਾ ਦੀ ਨਿਗਰਾਨੀ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਫੋਟੋ ਕੈਪਸ਼ਨ: ਹਲਕਾ ਦੀਨਾ ਨਗਰ ਦੇ ਸਿੱਖਿਆ ਕੋਆਰਡੀਨੇਟਰ ਸੁਖਦੇਵ ਰਾਜ ਸੰਬੋਧਨ ਕਰਦੇ ਹੋਏ। ਫੋਟੋ: ਬੈਂਸ;

ਉਹਨਾਂ ਕਿਹਾ ਕਿ “ਜਿਵੇਂ ਪਿੰਡ ਦੀ ਤਰੱਕੀ ਲਈ ਗ੍ਰਾਮ ਪੰਚਾਇਤ ਕੰਮ ਕਰਦੀ ਹੈ, ਉਸੇ ਤਰ੍ਹਾਂ ਸਕੂਲ ਦੀ ਤਰੱਕੀ ਲਈ SMC ਕਮੇਟੀ ਦੀ ਭੂਮਿਕਾ ਵੀ ਉਤਨੀ ਹੀ ਮਹੱਤਵਪੂਰਣ ਹੈ।”
ਟਰੇਨਿੰਗ ਸੈਸ਼ਨ ਵਿੱਚ ਦਿੱਤੀ ਗਈ ਵਿਸਥਾਰਕ ਜਾਣਕਾਰੀ
ਬਲਾਕ ਰਿਸੋਰਸ ਕੋਆਰਡੀਨੇਟਰ ਸੰਦੀਪ ਸ਼ਰਮਾ ਨੇ ਕਮੇਟੀ ਮੈਂਬਰਾਂ ਨੂੰ ਉਹਨਾਂ ਦੇ ਹੱਕਾਂ, ਜ਼ਿੰਮੇਵਾਰੀਆਂ ਅਤੇ ਕਰਤਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਫੋਟੋ ਕੈਪਸ਼ਨ: ਟਰੇਨਿੰਗ ਦੌਰਾਨ ਜੈਲ ਸਿੰਘ ਕਮੇਟੀ ਮੈਂਬਰਾਂ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਹੋਏ। ਫੋਟੋ: ਬੈਂਸ

ਸ੍ਰੀ ਜੈਲ ਸਿੰਘ ਨੇ ਕਿਹਾ ਕਿ ਕਮੇਟੀ ਮੈਂਬਰ ਅਧਿਆਪਕਾਂ ਨਾਲ ਸਹਿਯੋਗ ਕਰਕੇ ਬੱਚਿਆਂ ਦਾ ਭਵਿੱਖ ਬਿਹਤਰ ਬਣਾ ਸਕਦੇ ਹਨ। ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਾਈਵੇਟ ਸਕੂਲਾਂ ਦੀ ਝੂਠੀ ਚਮਕ ਤੋਂ ਬਾਹਰ ਆਉਣ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ।

ਫੋਟੋ ਕੈਪਸਨ: ਜ਼ਿਲ੍ਹਾ ਕੋਆਰਡੀਨੇਟਰ ਵਿਚਾਰ ਸਾਂਝੇ ਕਰਦੇ ਹੋਏ। ਫੋਟੋ: ਬੈਂਸ

ਮਿਸ਼ਨ ਸਮਰੱਥ ਦੀ ਸਫਲਤਾ ਤੇ ਪ੍ਰੇਰਕ ਉਦਾਹਰਨ
ਮਿਸ਼ਨ ਸਮਰੱਥ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਵੱਖ-ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ।
ਉਹਨਾਂ ਨੇ ਬਲਾਕ ਦੀਨਾਨਗਰ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਦੀ ਮਿਸਾਲ ਦਿੱਤੀ, ਜਿੱਥੇ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਨੂੰ ਸਟੇਟ ਪੱਧਰ ‘ਤੇ ਚੰਡੀਗੜ੍ਹ ਵਿਖੇ ਸਨਮਾਨਿਤ ਕੀਤਾ ਗਿਆ ਹੈ।

ਫੋਟੋ ਕੈਪਸ਼ਨ: ਸਰਕਾਰੀ ਮਿਡਲ ਸਕੂਲ ਡਾਲੀਆ ਮਿਰਜਾਨਪੁਰ ਦੇ ਐਸਐਮਸੀ ਮੈਂਬਰ ਜਸਪਾਲ ਸੰਬੋਧਨ ਕਰਦੇ ਹੋਏ। ਫੋਟੋ: ਬੈਂਸ

ਸਰਕਾਰੀ ਮਿਡਲ ਸਕੂਲ ਡਾਲੀਆ ਮਿਰਜਾਪੁਰ ਦੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ੍ਰੀ ਯਸ਼ਪਾਲ ਨੇ ਵੀ ਸੰਬੋਧਨ ਕੀਤਾ। ਉਨਾਂ ਨੇ ਕਿਹਾ ਕਿ ਖੁਦ ਸਰਕਾਰੀ ਸਕੂਲ ਵਿਖੇ ਵਿਦਿਆ ਹਾਸਲ ਕੀਤੀ ਹੈ ਅਤੇ ਅੱਗੇ ਉਹਨਾਂ ਦੇ ਬੱਚੇ ਦੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ।

ਫੋਟੋ ਕੈਪਸ਼ਨ: ਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ। ਫੋਟੋ: ਬੈ

ਟਰੇਨਿੰਗ ਦੌਰਾਨ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੇ ਫਰਜ਼ ਅਧਿਆਪਕ ਸ੍ਰੀ ਸੰਦੀਪ ਸੈਣੀ ਨੇ ਨਿਭਾਏ, ਜਦਕਿ ਪੂਰੇ ਪ੍ਰੋਗਰਾਮ ਦੀ ਸਫਲਤਾ ਵਿੱਚ ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਰੇਣੂ ਬਾਲਾ ਨੇ ਕੇਂਦਰੀ ਭੂਮਿਕਾ ਨਿਭਾਈ।

:ਫੋਟੋ ਕੈਪਸ਼ਨ: ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਰੇਨੂ ਬਾਲਾ ਬਲਾਕ ਸਿੱਖਿਆ ਅਫਸਰ ਨਾਲ ਟ੍ਰੇਨਿੰਗ ਸਬੰਧੀ ਨੁਕਤਾ ਸਾਂਝਾ ਕਰਦੇ ਹੋਏ। ਫੋਟੋ: ਬੈਂਸ


ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਰੇਨੂ ਬਾਲਾ ਨੇ “ਰੋਜ਼ਾਨਾ ਖ਼ਬਰ” ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਲਸਟਰ ਡਾਲਾ ਦੇ ਸਾਰੇ ਸਕੂਲਾਂ ਦੀਆਂ ਕਮੇਟੀਆਂ ਦੇ ਮੈਂਬਰਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਟਰੇਨਿੰਗ ਦੌਰਾਨ ਇੱਕ ਵਿਸ਼ੇਸ਼ ਕਿਤਾਬਚਾ ਵੀ ਵੰਡਿਆ ਗਿਆ, ਜਿਸ ਰਾਹੀਂ ਮੈਂਬਰਾਂ ਨੂੰ ਉਹਨਾਂ ਦੇ ਹੱਕਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ।

ਫੋਟੋ ਕੈਪਸ਼ਨ: ਟਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਐਸਐਮਸੀ ਕਮੇਟੀ ਮੈਂਬਰ ਫੋਟੋ: ਬੈਂਸ
ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀ, ਅਧਿਆਪਕ ਅਤੇ ਕਮੇਟੀ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਟਰੇਨਿੰਗ ਦੇ ਅੰਤ ਵਿੱਚ ਇਹ ਸਾਰਾ ਪ੍ਰੋਗਰਾਮ ਸਿੱਖਿਆ ਪ੍ਰਤੀ ਸਮਰਪਿਤ ਜਜ਼ਬੇ ਅਤੇ ਸਾਂਝੀ ਜਿੰਮੇਵਾਰੀ ਦੇ ਸੰਦੇਸ਼ ਨਾਲ ਸੰਪੰਨ ਹੋਇਆ।

ਫੋਟੋ ਕੈਪਸ਼ਨ: ਟਰੇਨਿੰਗ ਪ੍ਰੋਗਰਾਮ ਦੀਆਂ ਵੱਖ-ਵੱਖ ਝਲਕੀਆਂ ਤਸਵੀਰਾਂ ਦੀ ਜੁਬਾਨੀ। ਫੋਟੋ: ਬੈਂਸ




Share & like

Leave a Reply