ਵਿੱਤ ਮੰਤਰੀ ਵੱਲੋਂ ਕਰਮਚਾਰੀ ਧਿਰਾਂ ਨਾਲ ਮੀਟਿੰਗ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 03 ਸਤੰਬਰ
ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪੰਜ ਵੱਖ-ਵੱਖ ਕਰਮਚਾਰੀ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਸ਼ਾ ਅਤੇ ਆਸ਼ਾ ਫੈਸੀਲੀਟੇਟਰਾਂ ਨੂੰ ਜਣੇਪਾ ਛੁੱਟੀ ਦੇਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਛੁੱਟੀ ‘ਮੈਟਰਨਿਟੀ ਬੈਨੀਫਿਟਸ ਐਕਟ, 1961’ ਅਧੀਨ ਦਿੱਤੀ ਜਾਵੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਨੋਟੀਫਿਕੇਸ਼ਨ ਮੁਤਾਬਕ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਜਣੇਪਾ ਛੁੱਟੀ ਦੌਰਾਨ ਨਿਸ਼ਚਿਤ ਮਾਸਿਕ ਮਾਣਭੱਤਾ ਦਿੱਤਾ ਜਾਵੇਗਾ। ਨਾਲ ਹੀ ਐਕਟ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਸੋਧਾਂ ਵੀ ਉਨ੍ਹਾਂ ’ਤੇ ਲਾਗੂ ਹੋਣਗੀਆਂ। ਯੂਨੀਅਨਾਂ ਨੇ ਇਸ ਫੈਸਲੇ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ।
ਇਸ ਮੌਕੇ ਚੀਮਾ ਨੇ ਜੰਗਲਾਤ ਵਰਕਰਜ਼ ਯੂਨੀਅਨ, ਆਸ਼ਾ ਵਰਕਰ ਤੇ ਫੈਸੀਲੀਟੇਟਰ ਨਿਰੋਲ ਯੂਨੀਅਨ, ਆਦਰਸ਼ ਸਕੂਲ ਟੀਚਿੰਗ ਅਤੇ ਨਾਨ-ਟੀਚਿੰਗ ਯੂਨੀਅਨ, ਈ.ਟੀ.ਟੀ.-ਟੀ.ਈ.ਟੀ. ਪਾਸ ਅਧਿਆਪਕ ਐਸੋਸੀਏਸ਼ਨ ਅਤੇ ਬੇਰੁਜ਼ਗਾਰ ਪੀ.ਐੱਸ.ਟੀ.ਈ.ਟੀ. ਪਾਸ ਆਰਟ ਐਂਡ ਕਰਾਫਟ ਯੂਨੀਅਨ ਦੇ ਪ੍ਰਤਿਨਿਧੀਆਂ ਨਾਲ ਵੀ ਮੁਲਾਕਾਤ ਕੀਤੀ।

ਚੀਮਾ ਨੇ ਸਬੰਧਿਤ ਵਿਭਾਗਾਂ ਨੂੰ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ’ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਵਿੱਤ ਨਾਲ ਜੁੜੀਆਂ ਮੰਗਾਂ ਲਈ ਜਲਦੀ ਪ੍ਰਸਤਾਵ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੇ ਜਾਣ।










