ਲਦਾਖ ਦੇ ਲੋਕਾਂ ਦੇ ਸੰਘਰਸ਼ ਨੂੰ ਜਾਇਜ਼ ਠਹਿਰਾਇਆ, 6 ਅਕਤੂਬਰ ਨੂੰ ਜਲੰਧਰ ਕੈਨਵੈਨਸ਼ਨ ‘ਚ ਸ਼ਮੂਲੀਅਤ ਦਾ ਫ਼ੈਸਲਾ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਬਟਾਲਾ, 3 ਸਤੰਬਰ
ਸੀਪੀਆਈ ਐਮਐਲ ਲਿਬਰੇਸ਼ਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪ੍ਰੇਮ ਮਸੀਹ ਸੋਨਾ ਦੀ ਪ੍ਰਧਾਨਗੀ ਹੇਠ
ਫੈਜਪੁਰਾ ਰੋਡ ਲਿਬਰੇਸ਼ਨ ਦਫਤਰ ਵਿਖੇ ਹੋਈ।ਮੀਟਿੰਗ ਵਿੱਚ ਲਦਾਖ ਦੇ ਲੋਕਾਂ ਦੇ ਸੰਘਰਸ਼ ਨੂੰ ਜਾਇਜ਼ ਠਹਿਰਾਇਆ ਗਿਆ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਗੁਲਜਾਰ ਸਿੰਘ ਭੁੱਬਲੀ, ਕਾਰਜਕਾਰੀ ਸਕੱਤਰ ਵਿਜੇ ਕੁਮਾਰ ਸੋਹਲ ਅਤੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਦੱਸਿਆ ਕਿ 6 ਅਕਤੂਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਫਾਸ਼ੀਵਾਦ ਹਮਲਿਆਂ ਵਿਰੋਧੀ ਫਰੰਟ ਵੱਲੋਂ ਵੱਡੀ ਕਨਵੈਨਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਨਵੈਨਸ਼ਨ ਵਿੱਚ ਲਿਬਰੇਸ਼ਨ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

ਉਨ੍ਹਾਂ ਦੱਸਿਆ ਕਿ ਕੈਨਵੈਨਸ਼ਨ ਵਿੱਚ ਮੰਗ ਕੀਤੀ ਜਾਵੇਗੀ ਕਿ ਇਜ਼ਰਾਇਲ ਅਤੇ ਅਮਰੀਕਾ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਰੋਕੀ ਜਾਵੇ ਅਤੇ ਫਲਸਤੀਨੀਆਂ ਨੂੰ ਆਪਣੀ ਧਰਤੀ ਅਤੇ ਦੇਸ਼ ਦਾ ਹੱਕ ਵਾਪਸ ਮਿਲੇ।
ਮੀਟਿੰਗ ਦੌਰਾਨ ਲਦਾਖ ਦੇ ਲੋਕਾਂ ਦੇ ਸੰਘਰਸ਼ ਨੂੰ ਜਾਇਜ਼ ਦੱਸਿਆ ਗਿਆ ਅਤੇ ਕਿਹਾ ਕਿ ਭਾਜਪਾ ਨੇ ਜੂਨ 2024 ਦੀਆਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਲਦਾਖ ਨੂੰ ਛੇਵੀਂ ਸੂਚੀ ਵਿੱਚ ਸ਼ਾਮਿਲ ਕਰਕੇ ਸੂਬੇ ਦਾ ਦਰਜਾ ਦਿੱਤਾ ਜਾਵੇਗਾ, ਪਰ ਮੋਦੀ ਸਰਕਾਰ ਨੇ ਵਾਅਦਾ ਪੂਰਾ ਕਰਨ ਦੀ ਬਜਾਏ ਲਦਾਖੀ ਨੌਜਵਾਨਾਂ ਦੇ ਸ਼ਾਂਤੀਪੂਰਨ ਪ੍ਰਦਰਸ਼ਨ ਨੂੰ ਹਿੰਸਕ ਦੱਸ ਕੇ ਉਨ੍ਹਾਂ ਦੇ ਆਗੂ ਸੋਨਮ ਵਾਂਗ ਚੁੱਕ ਨੂੰ ਐਨਐਸਏ ਕਾਨੂੰਨ ਤਹਿਤ ਜੋਧਪੁਰ ਜੇਲ ਵਿੱਚ ਬੰਦ ਕਰ ਦਿੱਤਾ ਹੈ।
ਲਿਬਰੇਸ਼ਨ ਨੇ ਮੰਗ ਕੀਤੀ ਕਿ ਸੋਨਮ ਵਾਂਗ ਚੁੱਕ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਮੀਟਿੰਗ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਦੇ ਮਸਲੇ ਨੂੰ ਸਿਰਫ਼ ਸੂਬਾਈ ਨਹੀਂ, ਸਗੋਂ ਕੌਮੀ ਮਸਲਾ ਕਰਾਰ ਦਿੱਤਾ ਗਿਆ। ਪਾਰਟੀ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਘੱਟੋ ਘੱਟ 20 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਜਾਰੀ ਕਰੇ। ਜੇ ਕੇਂਦਰ ਸਰਕਾਰ ਨੇ ਮਦਦ ਨਾ ਕੀਤੀ ਤਾਂ ਇਹ ਕੇਵਲ ਰਾਜਨੀਤੀ ਹੀ ਮੰਨੀ ਜਾਵੇਗੀ ਅਤੇ ਲੋਕ ਇਸ ਦਾ ਜਵਾਬ 2027 ਦੀਆਂ ਚੋਣਾਂ ਵਿੱਚ ਦੇਣਗੇ।

ਇਸ ਮੌਕੇ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣ ਕਲਾਂ, ਦਲਬੀਰ ਭੋਲਾ, ਕੁਲਦੀਪ ਰਾਜੂ, ਫੂਲ ਚੰਦ, ਬਚਨ ਸਿੰਘ ਬੋਪਾਰਾਏ, ਬਲਬੀਰ ਸਿੰਘ ਉੱਚਾ ਧਕਾਲਾ ਅਤੇ ਦਰਸ਼ਨ ਸਿੰਘ ਖਰੋਟਾ ਸਮੇਤ ਕਈ ਵਰਕਰ ਹਾਜ਼ਰ ਸਨ।










