ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 3 ਸਤੰਬਰ
ਪਿੰਡ ਦਬੁਰਜੀ ਸ਼ਾਮ ਸਿੰਘ ਵਿਖੇ ਯੂਥ ਕਲੱਬ ਦੀ ਅਗਵਾਈ ਹੇਠ ਦੁਸਹਿਰੇ ਦਾ ਪਵਿੱਤਰ ਤਿਉਹਾਰ ਵੱਡੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗ੍ਰਾਮ ਵਾਸੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਆਦਰਸ਼ਾਂ ਨੂੰ ਯਾਦ ਕੀਤਾ।

ਤਿਉਹਾਰ ਦੀ ਸ਼ੁਰੂਆਤ ਪਿੰਡ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਰਾਵਣ ਨਾਲ ਸਬੰਧਤ ਬਿਰਤਾਂਤ ਨੂੰ ਦਰਸਾਉਂਦੀਆਂ ਝਾਕੀਆਂ ਨਾਲ ਹੋਈ। ਇਹ ਝਾਕੀਆਂ ਸ੍ਰੀ ਰਾਮ ਦੇ ਜੀਵਨ ਦੇ ਉੱਚ ਆਦਰਸ਼ਾਂ ਅਤੇ ਰਾਵਣ ਵਿਰੁੱਧ ਜਿੱਤ ਦੀ ਪ੍ਰਤੀਕ ਰਹੀਆਂ, ਜਿਨ੍ਹਾਂ ਨੂੰ ਦੇਖ ਕੇ ਸੰਗਤ ਨੇ ਜੋਸ਼ ਤੇ ਆਦਰ ਨਾਲ ਤਾਲੀਆਂ ਵਜਾਈਆਂ।

ਯੂਥ ਕਲੱਬ ਦੇ ਪ੍ਰਧਾਨ ਸ਼੍ਰੀ ਸੰਦੀਪ ਕੁਮਾਰ ਨੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਦੇ ਦਰਸ਼ਾਏ ਸੱਚਾਈ ਅਤੇ ਧਰਮ ਦੇ ਮਾਰਗ ’ਤੇ ਚਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਯੂਥ ਕਲੱਬ ਵੱਲੋਂ ਪਿਛਲੇ ਲਗਭਗ 70 ਸਾਲਾਂ ਤੋਂ ਲਗਾਤਾਰ ਦੁਸਹਿਰਾ ਮਨਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਨਵੀਂ ਪੀੜੀ ਨੂੰ ਆਪਣੇ ਧਾਰਮਿਕ ਵਿਰਸੇ ਅਤੇ ਰਿਵਾਜਾਂ ਨਾਲ ਜੋੜਨਾ ਹੈ।

ਇਸ ਨਾਲ ਹੀ ਉਹਨਾਂ ਇਹ ਵੀ ਚਾਨਣਾ ਪਾਇਆ ਕਿ ਜਦੋਂ ਦਬੁਰਜੀ ਵਿਖੇ ਦੁਸਹਿਰੇ ਦੇ ਤਿਉਹਾਰ ਦੀ ਸ਼ੁਰੂਆਤ ਹੋਈ ਸੀ, ਉਸੇ ਸਮੇਂ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਪਵਿੱਤਰ ਰਿਵਾਜ ਅੱਜ ਵੀ ਯਥਾਵਤ ਜਾਰੀ ਹੈ ਅਤੇ ਸੰਗਤ ਵੱਲੋਂ ਪ੍ਰਸਾਦ ਵਜੋਂ ਲੰਗਰ ਛਕਾਇਆ ਜਾਂਦਾ ਹੈ।

ਇਸ ਸਮਾਗਮ ਵਿੱਚ ਯੂਥ ਕਲੱਬ ਅਤੇ ਪਿੰਡ ਦੀ ਕਮੇਟੀ ਦੇ ਮੈਂਬਰ ਮਿੰਟੂ ਸੈਣੀ, ਸੁੱਚਾ ਸਿੰਘ ਭੱਪ, ਯੋਧਰਾਜ, ਯੋਗੇਸ਼ ਕੁਮਾਰ, ਅਮਿਤ ਸੈਣੀ, ਪ੍ਰਿੰਸ, ਰਾਹੁਲ, ਰਾਕੇਸ਼ ਕੁਮਾਰ, ਗੁਲਸ਼ਨ, ਜਸਵੀਰ ਸਿੰਘ ਸੈਣੀ, ਜਸਬੀਰ ਸਿੰਘ, ਰੋਹਿਤ ਅਤੇ ਕਰਣ ਕਲੋਤਰਾ ਸਮੇਤ ਹੋਰ ਕਈ ਹਸਤੀਆਂ ਮੌਜੂਦ ਸਨ।

ਦਬੁਰਜੀ ਸ਼ਾਮ ਸਿੰਘ ਵਿਖੇ ਹਰ ਸਾਲ ਮਨਾਇਆ ਜਾਣ ਵਾਲਾ ਇਹ ਤਿਉਹਾਰ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਧਾਰਮਿਕ ਅਤੇ ਸੰਸਕਾਰਕ ਪਹਚਾਣ ਦਾ ਜੀਵੰਤ ਪ੍ਰਤੀਕ ਬਣ ਚੁੱਕਾ ਹੈ।










