ਪਹਿਲੇ ਦਿਨ ਨੌਸ਼ਹਿਰਾ ਅਤੇ ਕਾਹਨਾ ਸੈਂਟਰਾਂ ਦੇ ਮੈਂਬਰਾਂ ਨੇ ਪ੍ਰਾਪਤ ਕੀਤੀ ਟ੍ਰੇਨਿੰਗ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਬਹਿਰਾਮਪੁਰ/ਗੁਰਦਾਸਪੁਰ, 1 ਅਕਤੂਬਰ
ਸਿੱਖਿਆ ਬਲਾਕ ਦੋਰਾਂਗਲਾ ਵਿੱਚ “ਸਕੂਲ ਤਰੱਕੀ ਦੇ ਰਾਹ ਤੇ” ਯੋਜਨਾ ਹੇਠ ਸਕੂਲ ਮੈਨੇਜਮੈਂਟ ਕਮੇਟੀਆਂ (ਐਸ.ਐਮ.ਸੀ.) ਦੀਆਂ ਟ੍ਰੇਨਿੰਗਾਂ ਦੀ ਸ਼ੁਰੂਆਤ ਕੀਤੀ ਗਈ। ਇਸ ਟ੍ਰੇਨਿੰਗ ਮੁਹਿੰਮ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਕਮੇਟੀਆਂ ਦੀ ਸਹਿਭਾਗੀਤਾ ਰਾਹੀਂ ਸਿੱਖਿਆ ਦੇ ਮਿਆਰ ਨੂੰ ਨਿਖਾਰਨਾ ਹੈ।

ਪਹਿਲੇ ਦਿਨ ਸੈਂਟਰ ਨੌਸ਼ਹਿਰਾ ਅਤੇ ਸੈਂਟਰ ਕਾਹਨਾ ਦੇ ਕਮੇਟੀ ਮੈਂਬਰਾਂ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਕੁਮਾਰ ਪਨਿਆੜ ਨੇ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਮਿਹਨਤੀ ਹਨ, ਪਰ ਜੇਕਰ ਸਕੂਲ ਮੈਨੇਜਮੈਂਟ ਕਮੇਟੀਆਂ ਪੂਰੇ ਮਨ ਨਾਲ ਸਹਿਯੋਗ ਕਰਨ ਤਾਂ ਇਹ ਸਕੂਲ ਹੋਰ ਵੀ ਵਧੀਆ ਨਤੀਜੇ ਦੇ ਸਕਦੇ ਹਨ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਮੇਟੀ ਮੈਂਬਰਾਂ ਦਾ ਕੰਮ ਸਿਰਫ਼ ਨਾਮਮਾਤਰ ਸ਼ਾਮਲ ਹੋਣਾ ਨਹੀਂ, ਬਲਕਿ ਸਕੂਲ ਦੀ ਹਰ ਤਰ੍ਹਾਂ ਦੀ ਤਰੱਕੀ ਲਈ ਯੋਗਦਾਨ ਪਾਉਣਾ ਹੈ।

ਬਲਾਕ ਰਿਸੋਰਸ ਕੁਆਰਡੀਨੇਟਰ ਮਨਜੀਤ ਸਿੰਘ ਨੇ ਐਸ.ਐਮ.ਸੀ. ਦੇ ਕੰਮਕਾਜ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਵਿੱਚ ਸਿੱਖਿਆ ਸ਼ਾਸਤਰੀ ਸੰਸਾਰ ਸਿੰਘ, ਪ੍ਰਿੰਸੀਪਲ ਸੁਖਦੇਵ ਰਾਜ, ਕੋਆਰਡੀਨੇਟਰ ਸੁਮਿਤ, ਸੈਂਟਰ ਹੈਡ ਟੀਚਰ ਗੁਰਪ੍ਰੀਤ ਸਿੰਘ ਮਾਨ, ਸੈਂਟਰ ਹੈਡ ਟੀਚਰ ਪ੍ਰਦੀਪ ਕੁਮਾਰ, ਹੈਡ ਟੀਚਰ ਕੁਲਬੀਰ ਕੌਰ, ਹੈਡ ਟੀਚਰ ਸਤਵਿੰਦਰ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਰਮਨਦੀਪ ਸਿੰਘ, ਚੰਦਰ ਕਾਂਤ ਅਤੇ ਬਲਵਿੰਦਰ ਸਿੰਘ ਚੱਕਰਾਜਾ ਸਮੇਤ ਕਈ ਹੋਰ ਅਧਿਆਪਕ ਹਾਜ਼ਰ ਸਨ।

ਬਲਾਕ ਸਿੱਖਿਆ ਅਫ਼ਸਰ ਸ੍ਰੀ ਪਨਿਆੜ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਟ੍ਰੇਨਿੰਗ ਮੁਹਿੰਮ ਸਿੱਖਿਆ ਬਲਾਕ ਦੇ ਵੱਖ-ਵੱਖ ਸੈਂਟਰਾਂ ਵਿੱਚ ਅਗਲੇ ਦਿਨਾਂ ਤੱਕ ਜਾਰੀ ਰਹੇਗੀ।










