ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 27 ਸਤੰਬਰ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨਾਲ ਸੰਬੰਧਤ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਦੀਆਂ ਅਣਸੁਣੀਆਂ ਮੰਗਾਂ ਨੂੰ ਲੈ ਕੇ 4 ਅਕਤੂਬਰ ਨੂੰ ਦਿੜ੍ਹਬਾ ਵਿੱਚ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਦੀ ਅਗਵਾਈ ਹੇਠ ਹੋਈ ਇਕ ਮੀਟਿੰਗ ਦੌਰਾਨ ਲਿਆ ਗਿਆ।
ਆਗੂਆਂ ਨੇ ਦੱਸਿਆ ਕਿ ਵਣ ਮੰਤਰੀ ਅਤੇ ਵਿੱਤ ਮੰਤਰੀ ਨਾਲ ਕਈ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਕਾਮਿਆਂ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ। 30 ਜੁਲਾਈ 2025 ਨੂੰ ਸਰਕਾਰ ਵੱਲੋਂ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ ਸੀ, ਪਰ ਅਜੇ ਤੱਕ ਉਨ੍ਹਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਇਸ ਕਾਰਨ ਕਾਮੇ ਘਰ ਦੇ ਖਰਚੇ, ਮਾਤਾ–ਪਿਤਾ ਦਾ ਇਲਾਜ ਅਤੇ ਬੱਚਿਆਂ ਦੀਆਂ ਫੀਸਾਂ ਭਰਨ ਤੋਂ ਅਸਮਰਥ ਹੋ ਰਹੇ ਹਨ। ਮਹਿੰਗਾਈ ਦੇ ਮਾਹੌਲ ’ਚ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ।

ਗੁਰਦਾਸਪੁਰ ਜ਼ਿਲ੍ਹੇ ਦੇ ਆਗੂਆਂ ਸੁਰਿੰਦਰ ਕੁਮਾਰ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਸੀਨੀਅਰ ਅਨਪੜ੍ਹ ਡੇਲੀਵੇਜ ਕਾਮਿਆਂ ਨੂੰ ਬਿਨਾਂ ਕਿਸੇ ਸ਼ਰਤ ਪੱਕਾ ਕੀਤਾ ਜਾਵੇ। ਨਾਲ ਹੀ ਜੁਲਾਈ ਵਿੱਚ ਰੈਗੂਲਰ ਕੀਤੇ ਕਾਮਿਆਂ ਨੂੰ ਤਨਖਾਹ ਜਾਰੀ ਕਰਵਾਈ ਜਾਵੇ ਅਤੇ ਵਿਭਾਗ ਵਿੱਚ ਨਵੇਂ ਕੰਮ ਸ਼ੁਰੂ ਕਰਕੇ ਰੁੱਖਾਂ ਅਤੇ ਜੀਵ–ਜੰਤੂਆਂ ਦੀ ਸੰਭਾਲ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਯੂਨੀਅਨ ਨੇ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਜੰਗਲਾਤ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਗਿਆ ਸੀ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ 58 ਸਾਲ ਦੀ ਰਿਟਾਇਰਮੈਂਟ ਸੀਮਾ ਅਤੇ ਹੋਰ ਸ਼ਰਤਾਂ ਲਗਾ ਕੇ ਕਰਮਚਾਰੀਆਂ ਨਾਲ ਨਾਂਇਨਸਾਫ਼ੀ ਕਰ ਰਹੀ ਹੈ। ਖਾਸ ਕਰਕੇ 378 ਵਰਕਰਾਂ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਉਮਰ ਅਤੇ ਵਿਦਿਅਕ ਛੋਟ ਮਿਲਣ ਦੇ ਬਾਵਜੂਦ ਵੀ 506 ਹੋਰ ਕਾਮਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕਾਮਿਆਂ ਦੇ ਹੱਕ ਦੀ ਗੱਲ ਕੀਤੀ, ਪਰ ਸਰਕਾਰ ਵੱਲੋਂ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ।
ਸੂਬਾ ਪ੍ਰਧਾਨ ਅਤੇ ਸਕੱਤਰ ਨੇ ਸਾਰੇ ਜ਼ਿਲਿਆਂ ਦੇ ਫੀਲਡ ਕਾਮਿਆਂ ਨੂੰ 4 ਅਕਤੂਬਰ ਨੂੰ ਦਿੜ੍ਹਬਾ ਪਹੁੰਚ ਕੇ ਰੋਸ ਰੈਲੀ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ।











