ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 27 ਸਤੰਬਰ
ਲੇਹ ਲਦਾਖ ਵਿੱਚ ਹਾਲ ਹੀ ਵਾਪਰੀ ਘਟਨਾ, ਜਿਸ ਦੌਰਾਨ ਪੁਲਿਸ ਦੀ ਗੋਲੀਬਾਰੀ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੀਬ ਪੰਜ ਦਰਜਨ ਲੋਕ ਜ਼ਖ਼ਮੀ ਹੋਏ, ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਤਿੱਖੀ ਨਿੰਦਾ ਕੀਤੀ ਗਈ ਹੈ। ਪਾਰਟੀ ਨੇ ਇਸ ਸਮੁੱਚੇ ਘਟਨਾਕ੍ਰਮ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪਿੱਛੇ ਗ੍ਰਹਿ ਵਿਭਾਗ ਦੀ ਗਹਿਰੀ ਸਾਜ਼ਿਸ਼ ਲੱਗਦੀ ਹੈ। ਉਨ੍ਹਾਂ ਕਿਹਾ ਕਿ ਲਦਾਖੀ ਜਨਤਾ ਦੇ ਪ੍ਰਸਿੱਧ ਆਗੂ ਸੋਨਮ ਵਾਂਗਚੁਕ ਨੂੰ ਹਿੰਸਾ ਦੇ ਭੜਕਣ ਤੋਂ ਬਾਅਦ ਅਚਾਨਕ ਹੀ ਐਨ ਐਸ ਏ ਕਾਨੂੰਨ ਤਹਿਤ ਗ੍ਰਿਫ਼ਤਾਰ ਕਰਕੇ ਜੋਧਪੁਰ ਜੇਲ ਵਿੱਚ ਭੇਜਣਾ ਦਰਅਸਲ ਲੱਦਾਖੀ ਲੋਕਾਂ ਨੂੰ ਆਗੂ-ਹੀਣ ਕਰਨਾ ਅਤੇ ਜਨਤਾ ਵਿੱਚ ਦਹਿਸ਼ਤ ਪੈਦਾ ਕਰਨ ਦੀ ਨੀਤੀ ਦਾ ਹਿੱਸਾ ਹੈ।

ਕਾਮਰੇਡ ਬਖਤਪੁਰਾ ਨੇ ਯਾਦ ਦਿਵਾਇਆ ਕਿ ਜੰਮੂ-ਕਸ਼ਮੀਰ ਪੁਨਰਗਠਨ ਐਕਟ 2019 ਤੋਂ ਬਾਅਦ ਸੋਨਮ ਵਾਂਗਚੁਕ ਸ਼ਾਂਤਮਈ ਢੰਗ ਨਾਲ ਲੇਹ-ਲਦਾਖ ਨੂੰ ਵੱਖਰਾ ਸੂਬਾ ਬਣਾਉਣ ਦੀ ਮੰਗ ਲਈ ਸੰਘਰਸ਼ ਕਰ ਰਿਹਾ ਹੈ। ਹਾਲਾਂਕਿ ਇੱਕ ਸਮੇਂ ਸੋਨਮ ਨੇ ਭਾਜਪਾ ਦੀ ਹਮਾਇਤ ਕੀਤੀ ਸੀ, ਪਰ ਅੱਜ ਲੱਦਾਖੀ ਲੋਕ ਇਸ ਗੱਲ ’ਤੇ ਪਛਤਾ ਰਹੇ ਹਨ।
ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਐਗਮੋ ਨੇ ਵੀ ਮੀਡੀਆ ਵਿੱਚ ਕਿਹਾ ਹੈ ਕਿ ਸੋਨਮ ਨੂੰ ਬਿਨਾ ਕਾਰਣ ਅਪਰਾਧੀਆਂ ਵਾਂਗ ਟ੍ਰੀਟ ਕੀਤਾ ਜਾ ਰਿਹਾ ਹੈ, ਤਾਂ ਜੋ ਉਸਦੀ ਸਿਆਸੀ ਛਵੀ ਨੂੰ ਖਰਾਬ ਕੀਤਾ ਜਾ ਸਕੇ।

ਫੋਟੋ: ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ
ਲਿਬਰੇਸ਼ਨ ਨੇ ਲਦਾਖੀ ਜਨਤਾ ਵਲੋਂ ਵੱਖਰਾ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਦੀ ਹਮਾਇਤ ਕਰਦਿਆਂ, ਸੋਨਮ ਸਮੇਤ ਹੋਰ ਗ੍ਰਿਫ਼ਤਾਰ ਆਗੂਆਂ ਦੀ ਫੌਰੀ ਰਿਹਾਈ ਅਤੇ ਉਨ੍ਹਾਂ ਦੀਆਂ ਮੰਗਾਂ ’ਤੇ ਗਲਬਾਤ ਕਰਨ ਦੀ ਮੰਗ ਕੀਤੀ ਹੈ।










