Share & like

ਮੁਆਵਜ਼ੇ ਲਈ 5 ਏਕੜ ਦੀ ਸ਼ਰਤ ਰੱਦ ਕਰਨ ਦੀ ਗੂੰਜ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 19 ਸਤੰਬਰ
ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਦੀ ਪ੍ਰਧਾਨਗੀ ਹੇਠ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਯਾਦਗਾਰ ਹਾਲ ਗੁਰਦਾਸਪੁਰ ਵਿਖੇ ਹੋਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਪਿਛਲੇ ਮਹੀਨੇ ਆਏ ਹੜ੍ਹਾਂ ਨੇ ਰਾਵੀ, ਬਿਆਸ ਤੇ ਸਤਲੁਜ ਦਰਿਆ ਨਾਲ ਲਗਦੇ ਇਲਾਕਿਆਂ ਵਿੱਚ ਫਸਲਾਂ, ਪਸ਼ੂਆਂ, ਜ਼ਮੀਨਾਂ ਤੇ ਮਨੁੱਖੀ ਜਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਤਬਾਹੀ ਲਈ ਕੁਦਰਤੀ ਆਫ਼ਤ ਦੇ ਨਾਲ-ਨਾਲ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹਨ ਕਿਉਂਕਿ ਸਮੇਂ ਸਿਰ ਡੈਮਾਂ ਅਤੇ ਦਰਿਆਵਾਂ ਦੀ ਡੀਸਿਲਟਿੰਗ ਨਹੀਂ ਕੀਤੀ ਗਈ।

ਸੂਬਾਈ ਆਗੂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਦਿੱਤੀ ਰਾਹਤ ਨਿਗੂਣੀ ਹੈ ਜੋ ਨੁਕਸਾਨ ਦੇ ਮੁਕਾਬਲੇ ਬਿਲਕੁਲ ਨਾ ਦੇ ਬਰਾਬਰ ਹੈ। ਇਸ ਲਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 26 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਸਾਹਮਣੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ। ਮੰਗ ਪੱਤਰ ਰਾਹੀਂ ਹੜ੍ਹਾਂ ਕਾਰਨ ਬਰਬਾਦ ਹੋਈ ਫਸਲਾਂ ਦਾ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ, ਮਰੇ ਹੋਏ ਪਸ਼ੂਆਂ ਦਾ ਇਕ ਲੱਖ ਰੁਪਏ ਅਤੇ ਜਾਨ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ ਪ੍ਰਤੀ ਜੀਅ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਣ ਦੀ ਮੰਗ ਕੀਤੀ ਜਾਵੇਗੀ। ਇਹ ਵੀ ਸਪਸ਼ਟ ਕੀਤਾ ਜਾਵੇਗਾ ਕਿ ਮੁਆਵਜ਼ੇ ਉੱਤੇ 5 ਏਕੜ ਦੀ ਸ਼ਰਤ ਤੁਰੰਤ ਰੱਦ ਹੋਵੇ ਅਤੇ ਜਿੰਨਾ ਨੁਕਸਾਨ ਹੋਇਆ ਹੈ ਉਸਦੇ ਮੁਤਾਬਕ ਪੂਰੀ ਭਰਪਾਈ ਕੀਤੀ ਜਾਵੇ। ਇਸ ਤੋਂ ਇਲਾਵਾ ਝੋਨਾ ਖਰੀਦਣ ਦੇ ਮਾਪਦੰਡ ਨਰਮ ਕੀਤੇ ਜਾਣ, ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਵਿੱਚ ਦਿੱਤੇ ਗਏ ਗ੍ਰਿਫ਼ਤਾਰੀ ਦੇ ਹੁਕਮ ਰੱਦ ਕੀਤੇ ਜਾਣ, ਝੋਨੇ ਵਿੱਚ ਬੌਣੇ ਬੂਟੇ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਮਿਲੇ ਅਤੇ ਕਣਕ ਦੀ ਬਿਜਾਈ ਲਈ ਡੀ.ਏ.ਪੀ ਖਾਦ ਦਾ ਲਾਜ਼ਮੀ ਪ੍ਰਬੰਧ ਕੀਤਾ ਜਾਵੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਚੰਨਣ ਸਿੰਘ ਦੋਰਾਂਗਲਾ, ਮੁਖਤਿਆਰ ਸਿੰਘ ਮੱਲੀਆਂ, ਸਾਗਰ ਸਿੰਘ ਭੋਲਾ, ਜਰਨੈਲ ਸਿੰਘ ਝਬਕਰਾ, ਅਜੀਤ ਸਿੰਘ ਮੱਲੀਆਂ ਅਤੇ ਕੁਲਵਿੰਦਰ ਸਿੰਘ ਬੱਗਾ ਸਮੇਤ ਕਈ ਕਿਸਾਨ ਆਗੂ ਸ਼ਾਮਲ ਹੋਏ।


Share & like

Leave a Reply