Share & like

ਸਕੂਲ ਪੱਧਰ ਤੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਜਾਗਰੂਕ : ਡੀ.ਈ.ਓ ਪਰਮਜੀਤ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 19 ਸਤੰਬਰ
ਐਸਸੀਈਆਰਟੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸ਼ੈ:ਸਿੱ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਦੀ ਯੋਗ ਅਗਵਾਈ ਹੇਠ ਐਸਐਸਐਮ ਕਾਲਜ ਦੀਨਾਨਗਰ ਵਿਖੇ ਐਡਵੋਕੇਸੀ ਵਰਕਸ਼ਾਪ ਦੀ ਸਮਾਪਤੀ ਹੋਈ। ਇਨ੍ਹਾਂ ਵਿੱਚ ਜ਼ਿਲ੍ਹੇ ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਕੂਲ ਮੁਖੀਆਂ ਨਾਲ਼- ਨਾਲ਼ ਹਰ ਸਕੂਲ ਦੇ ਇੱਕ-ਇੱਕ ਏਈਪੀ ਨੋਡਲ ਅਧਿਆਪਕ ਤੋਂ ਇਲਾਵਾ ਚੁਣੀਂਦਾ ਪ੍ਰਾਈਵੇਟ ਅਤੇ ਏਡਿਡ ਸਕੂਲ ਵੀ ਇਸ ਵਰਕਸ਼ਾਪ ਦਾ ਹਿੱਸਾ ਬਣੇ।

ਜ਼ਿਲ੍ਹਾ ਨੋਡਲ ਅਫਸਰ (ਏਈਪੀ) ਸ. ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਿਸ਼ਾ-ਮਾਹਿਰਾਂ ਵੱਲੋਂ ਵਰਕਸ਼ਾਪ ਦੌਰਾਨ ਰਾਸ਼ਟਰੀ ਕਿਸ਼ੋਰ ਸਿਹਤ ਪ੍ਰੋਗ੍ਰਾਮ, ਰਾਸ਼ਟਰੀ ਜਨਸੰਖਿਆ ਨੀਤੀ, ਸਕੂਲ ਹੈਲਥ ਪ੍ਰੋਗਰਾਮ, ਟੀ.ਬੀ ਰੋਗ, ਏਡਜ਼ ਅਵੇਅਰਨੈਸ, ਸੈਨੇਟਰੀ ਪੈਡ ਦੀ ਵਰਤੋਂ ਤੇ ਸੰਭਾਲ, ਭਰੂਣ ਹੱਤਿਆ, ਖੂਨਦਾਨ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਹੁਣ ਟਰੇਨਿੰਗ ਪ੍ਰਾਪਤ ਕਰ ਚੁੱਕੇ 447 ਏਈਪੀ ਨੋਡਲ ਟੀਚਰ, ਸਕੂਲ ਮੁਖੀ ਦੀ ਰਹਿਨੁਮਾਈ ਹੇਠ ਸਕੂਲ ਪੱਧਰ ‘ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਚਾਰਟ ਮੁਕਾਬਲੇ, ਭਾਸ਼ਣ ਮੁਕਾਬਲੇ, ਕੁਇਜ਼ ਮੁਕਾਬਲੇ, ਨਸ਼ਾ ਵਿਰੋਧੀ ਤੇ ਸਾਈਕਲ ਰੈਲੀਆਂ ਅਤੇ ਡਰਾਮੇ ਆਦਿ ਕਰਵਾਉਣਗੇ ਅਤੇ ਰਿਪੋਰਟ ਸਿਹਤ ਅਤੇ ਸਿੱਖਿਆ ਵਿਭਾਗ ਨੂੰ ਸਾਂਝੀ ਕੀਤੀ ਜਾਵੇਗੀ।

ਪ੍ਰੋਗਰਾਮ ਵਿੱਚ ਖਾਸ ਤੌਰ ’ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਪਰਮਜੀਤ ਦਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਸੰਬੋਧਨ ਕਰਦੇ ਕਿਹਾ ਕਿ ਵਰਕਸ਼ਾਪ ਸਾਨੂੰ ਜੀਵਨ ਲਈ ਸੇਧ ਦਿੰਦੀਆਂ ਹਨ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਕੂਲ ਪੱਧਰ ‘ਤੇ ਵਧ ਤੋਂ ਵਧ ਜਾਗਰੂਕਤਾ ਪ੍ਰੋਗਰਾਮ ਕਰਵਾਈਏ ਤਾਂ ਜੋ ਨੌਜਵਾਨ ਗਲਤ ਰਸਤੇ ਤੋਂ ਬਚ ਸਕਣ।

ਸੁਪਰਡੈਂਟ ਪ੍ਰਬੋਧ ਕੁਮਾਰ ਨੇ ਸਕੂਲ ਮੁਖੀਆਂ ਤੋਂ ਇਹ ਪ੍ਰਣ ਲਿਆ ਕਿ ਉਹ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਿਸੇ ਵੀ ਮਾੜੀ ਆਦਤ ਵੱਲ ਨਹੀਂ ਜਾਣ ਦੇਣਗੇ। ਇਸੇ ਤਰ੍ਹਾਂ ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਨੇ ਕਿਹਾ ਕਿ ਅੱਜ ਦਾ ਨੌਜਵਾਨ ਭਵਿੱਖ ਹੈ, ਜੇਕਰ ਉਸ ਨੂੰ ਸਮੇਂ ਰਹਿੰਦਿਆਂ ਸਹੀ ਸੇਧ ਦਿੱਤੀ ਗਈ ਗਲਤ ਤਾਂ ਸਿਹਤਮੰਦ ਸਮਾਜ ਬਣੇਗਾ।

ਸਮਾਪਤੀ ‘ਤੇ ਜ਼ਿਲ੍ਹਾ ਨੋਡਲ ਅਫਸਰ ਸ. ਅਮਰਜੀਤ ਸਿੰਘ ਪੁਰੇਵਾਲ, ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਅਤੇ ਬੀ.ਐਨ.ਓਜ਼ ਵੱਲੋਂ ਜ਼ਿਲ੍ਹਾ ਰਿਸੋਰਸ ਪਰਸਨਜ਼ ਨੂੰ ਮੀਮੈਂਟੋ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋ. ਸੁਬੀਰ ਰਘਬੋਤਰਾ ਅਤੇ ਪ੍ਰੋ. ਗਰੋਵਰ ਨੇ ਵੀ ਪ੍ਰੋਗਰਾਮ ਦੀ ਸਫਲਤਾ ਵਿੱਚ ਯੋਗਦਾਨ ਪਾਇਆ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਦਫਤਰ ਤੋਂ ਅਮਨ ਗੁਪਤਾ, ਸੁਮੀਤ ਕੁਮਾਰ, ਡਾ. ਪਰਮਜੀਤ ਸਿੰਘ, ਡਾ. ਸੁਚੇਤਨ ਅਬਰੋਲ, ਡਾ. ਮੀਰਾ, ਡਾ. ਸੁਮੀਤ ਸੈਣੀ, ਡਾ. ਦਿਲਪ੍ਰੀਤ, ਸਮੂਹ ਬਲਾਕ ਨੋਡਲ ਅਫਸਰਾਂ ਨਾਲ਼-ਨਾਲ਼ ਕਵਲਜੀਤ ਸਿੰਘ, ਗੋਬਿੰਦ ਅਗਰਵਾਲ ਅਤੇ ਸੰਜੀਵ ਕੁਮਾਰ ਵੀ ਹਾਜ਼ਰ ਸਨ।


Share & like

Leave a Reply