Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 15 ਸਤੰਬਰ
ਭੱਠਾ ਮਜ਼ਦੂਰ ਯੂਨੀਅਨ (ਏਕਟੂ) ਵੱਲੋਂ ਅੱਜ ਸਹਾਇਕ ਕਿਰਤ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਕਿਰਤ ਦਫ਼ਤਰ ਦੀ ਕਥਿਤ ਮਾੜੀ ਕਾਰਗੁਜ਼ਾਰੀ ਅਤੇ ਰਵੱਈਏ ਨੂੰ ਲੈਣ ਕੇ ਦਿੱਤਾ ਗਿਆ।

ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਮਸੀਹ ਸੋਨਾ ਅਤੇ ਜ਼ਿਲ੍ਹਾ ਸਕੱਤਰ ਫੂਲ ਚੰਦ ਨੇ ਦੱਸਿਆ ਕਿ ਨਿਊ ਪੰਜਾਬ ਗ੍ਰਾਮ ਉਦਯੋਗ ਸੰਮਤੀ ਅਠਵਾਲ ਦੇ ਭੱਠਾ ਮਾਲਕ ਉੱਪਰ ਇਹ ਗੰਭੀਰ ਦੋਸ਼ ਹੈ ਕਿ ਉਹ ਕਰੀਬ ਦੋ ਦਰਜਨ ਮਜ਼ਦੂਰਾਂ ਦੀਆਂ ਤਿੰਨ ਮਹੀਨਿਆਂ ਦੀਆਂ ਉਜਰਤਾਂ ਹਜ਼ਾਰਾਂ ਰੁਪਏ ਦੀ ਰਕਮ ਦੇ ਬਾਵਜੂਦ ਵੀ ਅੱਜ ਤੱਕ ਅਦਾ ਨਹੀਂ ਕਰ ਰਿਹਾ।
ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਲਗਭਗ ਦੋ ਮਹੀਨੇ ਪਹਿਲਾਂ ਹੀ ਕਿਰਤ ਦਫ਼ਤਰ ਗੁਰਦਾਸਪੁਰ ਵਿੱਚ ਦਰਜ ਕਰਵਾਈ ਗਈ ਸੀ, ਪਰ ਅਫਸੋਸ ਹੈ ਕਿ ਅੱਜ ਤੱਕ ਨਾ ਤਾਂ ਇਸ ਸ਼ਿਕਾਇਤ ਦੀ ਜਾਂਚ ਹੋਈ ਹੈ ਤੇ ਨਾ ਹੀ ਵਰਕਰਾਂ ਨੂੰ ਉਜਰਤਾਂ ਮਿਲ ਸਕੀਆਂ ਹਨ। ਉਨ੍ਹਾਂ ਕਿਹਾ ਕਿ ਕਿਰਤ ਦਫ਼ਤਰ ਦਾ ਇਹ ਸਿੱਧਾ ਫ਼ਰਜ਼ ਸੀ ਕਿ ਉਹ ਭੱਠੇ ਉੱਪਰ ਜਾ ਕੇ ਜਾਂਚ ਕਰਦਾ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਹੱਕੀ-ਉਜਰਤ ਤੁਰੰਤ ਦਿਲਵਾਉਂਦਾ, ਪਰ ਦਫ਼ਤਰ ਨੇ ਉਲਟ ਭੱਠਾ ਮਾਲਕ ਦਾ ਪੱਖ ਪੂਰਾ ਹੈ।
ਯੂਨੀਅਨ ਆਗੂਆਂ ਨੇ ਸਪਸ਼ਟ ਕੀਤਾ ਕਿ ਜੇਕਰ ਭੱਠਾ ਮਾਲਕ ਅਗਲੇ ਇੱਕ ਹਫ਼ਤੇ ਵਿੱਚ ਮਜ਼ਦੂਰਾਂ ਦੀ ਰਹਿ ਗਈ ਉਜਰਤ ਅਦਾ ਨਹੀਂ ਕਰਦਾ ਤਾਂ ਕਿਰਤ ਵਿਭਾਗ ਉਸ ਦਾ ਲਾਈਸੰਸ ਰੱਦ ਕਰੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਨੂੰ ਉਨ੍ਹਾਂ ਦਾ ਹੱਕ ਨਾ ਮਿਲਿਆ ਤਾਂ ਭੱਠਾ ਮਾਲਕ ਦੀ ਰਿਹਾਇਸ਼ ਸਾਹਮਣੇ ਦਿਨ-ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਭੱਠਾ ਮਾਲਕ ਅਤੇ ਕਿਰਤ ਦਫ਼ਤਰ ਗੁਰਦਾਸਪੁਰ ਉੱਪਰ ਹੋਵੇਗੀ।

ਇਸ ਰੋਸ ਧਰਨੇ ਵਿੱਚ ਸੁਖਦੇਵ ਸਿੰਘ ਬਿੱਟਾ, ਬਚਨ ਸਿੰਘ ਬੋਪਾ ਰਾਏ ਅਤੇ ਦਰਸ਼ਨ ਖਰੋਟਾ ਸਮੇਤ ਕਈ ਹੋਰ ਮਜ਼ਦੂਰ ਵੀ ਸ਼ਾਮਲ ਹੋਏ।


Share & like

Leave a Reply