Share & like

“ਮਕੌੜਾ ਪੱਤਣ ’ਤੇ ਪੁਲ ਬਣਿਆ ਹੁੰਦਾ ਤਾਂ ਰਾਵੀ ਪਾਰ ਰਹਿੰਦੇ ਲੋਕਾਂ ਦੀ ਅਜਿਹੀ ਹਾਲਤ ਨਾ ਹੁੰਦੀ” – ਕਵਿਤਾ ਖੰਨਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਸਤੰਬਰ
ਗੁਰਦਾਸਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਤੇ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਮਰਹੂਮ ਵਿਨੋਦ ਖੰਨਾ, ਜਿਨ੍ਹਾਂ ਨੂੰ ਇਲਾਕਾ ਵਾਸੀ “ਪੁਲਾਂ ਦੇ ਬਾਦਸ਼ਾਹ” ਦੇ ਨਾਂ ਨਾਲ ਯਾਦ ਕਰਦੇ ਹਨ, ਦੀ ਪਤਨੀ ਕਵਿਤਾ ਖੰਨਾ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਦੀ ਖੇਰਖ਼ਾਤਰੀ ਲਈ ਅੱਗੇ ਆਈ। ਉਹ ਮਕੌੜਾ ਪੱਤਣ ਪਹੁੰਚ ਕੇ ਹੜ੍ਹ ਕਾਰਨ ਪਰੇਸ਼ਾਨ ਲੋਕਾਂ ਨਾਲ ਮਿਲੀ ਤੇ ਉਨ੍ਹਾਂ ਨੂੰ ਹੌਸਲਾ ਦਿੱਤਾ।

ਇਸ ਮੌਕੇ ਕਵਿਤਾ-ਵਿਨੋਦ ਖੰਨਾ ਫਾਊਂਡੇਸ਼ਨ ਦੇ ਵੱਡੀ ਗਿਣਤੀ ਵਿੱਚ ਵਾਲੰਟੀਅਰ ਵੀ ਉਨ੍ਹਾਂ ਦੇ ਨਾਲ ਸਨ ਜਿਨ੍ਹਾਂ ਵੱਲੋਂ ਰਾਹਤ ਸਮਾਨ ਵੰਡਿਆ ਗਿਆ। ਕਵਿਤਾ ਖੰਨਾ ਨੇ ਦਿਲੀ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਮਕੌੜਾ ਪੱਤਣ ’ਤੇ ਪੱਕਾ ਪੁਲ ਬਣਾਇਆ ਗਿਆ ਹੁੰਦਾ ਤਾਂ ਅੱਜ ਰਾਵੀ ਪਾਰ ਰਹਿੰਦੇ ਲੋਕਾਂ ਨੂੰ ਇੰਨੀ ਵੱਡੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪੈਂਦਾ।
ਉਨ੍ਹਾਂ ਕਿਹਾ ਕਿ ਇਹ ਪੁਲ ਪਹਿਲਾਂ ਹੀ ਮਨਜ਼ੂਰ ਹੋ ਚੁੱਕਿਆ ਹੈ ਪਰ ਅਜੇ ਤੱਕ ਬਣ ਨਹੀਂ ਸਕਿਆ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। “ਜੇਕਰ ਪੁਲ ਬਣਿਆ ਹੁੰਦਾ ਤਾਂ ਹੜ੍ਹ ਦੇ ਦੌਰਾਨ ਲੋਕਾਂ ਤੱਕ ਮਦਦ ਪਹੁੰਚਾਉਣ ਵਿੱਚ ਇੰਨੀ ਰੁਕਾਵਟ ਨਾ ਆਉਂਦੀ,” ਉਨ੍ਹਾਂ ਨੇ ਜ਼ੋਰ ਦਿੱਤਾ।
ਕਵਿਤਾ ਖੰਨਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਸਰਕਾਰ ਨੂੰ ਰਿਪੋਰਟਾਂ ਦੇ ਆਧਾਰ ’ਤੇ ਹੜ੍ਹ ਰਾਹਤ ਲਈ ਕਾਫ਼ੀ ਪੈਸੇ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਜੇ ਹੋਰ ਲੋੜ ਪਈ ਤਾਂ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟੇਗੀ।

ਇਸ ਤੋਂ ਇਲਾਵਾ ਉਨ੍ਹਾਂ ਐਲਾਨ ਕੀਤਾ ਕਿ ਉਹ ਜਲਦੀ ਹੀ ਹੜ੍ਹ ਪ੍ਰਭਾਵਿਤ ਕਿਸੇ ਇੱਕ ਪਿੰਡ ਨੂੰ ਗੋਦ ਲੈਣਗੇ ਅਤੇ ਉੱਥੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਕਵਿਤਾ ਖੰਨਾ ਨੇ ਕਿਹਾ ਕਿ “ਕਵਿਤਾ-ਵਿਨੋਦ ਖੰਨਾ ਫਾਊਂਡੇਸ਼ਨ ਹਮੇਸ਼ਾ ਜ਼ਰੂਰਤਮੰਦਾਂ ਦੇ ਨਾਲ ਖੜੀ ਹੈ ਅਤੇ ਅੱਗੇ ਵੀ ਖੜੀ ਰਹੇਗੀ।”


Share & like

Leave a Reply