Share & like

ਬੇਜ਼ਮੀਨੇ ਮਜ਼ਦੂਰਾਂ ਲਈ ਵੀ ਮੁਆਵਜ਼ੇ ਦੀ ਮੰਗ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 10 ਸਤੰਬਰ
ਜਮਹੂਰੀ ਕਿਸਾਨ ਸਭਾ ਦੇ ਸੱਦੇ ’ਤੇ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮਿਲਣ ਦੇ ਪ੍ਰੋਗਰਾਮ ਅਧੀਨ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਗੁਰਦਾਸਪੁਰ ਦਾ ਵੱਡਾ ਵਫਦ ਡੀਸੀ ਗੁਰਦਾਸਪੁਰ ਨੂੰ ਮਿਲਿਆ ਅਤੇ ਹੜ੍ਹ ਪੀੜਤਾਂ ਨੂੰ ਜਲਦੀ ਤੇ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।


ਵੱਡੀ ਗਿਣਤੀ ਵਿੱਚ ਪਹੁੰਚੇ ਆਗੂਆਂ ਤੇ ਵਰਕਰਾਂ ਨੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਸਰਕਾਰ ਹੜ੍ਹਾਂ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ, 70 ਹਜ਼ਾਰ ਰੁਪਏ ਪ੍ਰਤੀ ਏਕੜ ਖਰਾਬ ਫਸਲ ਦਾ ਮੁਆਵਜ਼ਾ ਅਤੇ ਮੱਝ/ਗਾਂ ਮਰਨ ’ਤੇ 1 ਲੱਖ ਰੁਪਏ ਦੀ ਤੁਰੰਤ ਅਦਾਇਗੀ ਕਰੇ ਤਾਂ ਜੋ ਕਿਸਾਨ ਅਗਲੀ ਫਸਲ ਬੀਜਣ ਯੋਗ ਹੋ ਸਕਣ।
ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੇਜ਼ਮੀਨੇ ਮਜ਼ਦੂਰ, ਜਿਨ੍ਹਾਂ ਦੇ ਘਰ ਢਹਿ ਗਏ ਹਨ ਜਾਂ ਜੋ ਕਈ ਸਮੇਂ ਤੋਂ ਰੋਜ਼ਗਾਰ ਤੋਂ ਵਾਂਝੇ ਹਨ, ਉਹਨਾਂ ਨੂੰ ਵੀ ਵਾਜਬ ਮੁਆਵਜ਼ਾ ਮਿਲੇ। ਜਿਨ੍ਹਾਂ ਦੇ ਘਰ ਢਹਿ ਗਏ ਹਨ ਉਹਨਾਂ ਨੂੰ ਨਵੇਂ ਮਕਾਨ ਬਣਾਕੇ ਦਿੱਤੇ ਜਾਣ।
ਸਭਾ ਦੇ ਹੋਰ ਆਗੂ ਅਜੀਤ ਸਿੰਘ ਹੁੰਦਲ, ਰਘਬੀਰ ਸਿੰਘ ਚਾਹਲ, ਮੱਖਣ ਸਿੰਘ ਤਿੱਬੜ, ਕੁਲਜੀਤ ਸਿੰਘ ਰੰਧਾਵਾ, ਵੀਰ ਸਿੰਘ ਕਲਾਨੌਰ ਅਤੇ ਗੁਰਮੀਤ ਸਿੰਘ ਥਾਣੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਨਹੀਂ ਹੋਇਆ ਉਹ ਰਾਹਤ ਕਾਰਜਾਂ ਵਿੱਚ ਵੱਧ ਚੜ੍ਹ ਕੇ ਮਦਦ ਕਰਨ।
ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਸਿਰਫ਼ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਕੇਵਲ 1600 ਕਰੋੜ ਰੁਪਏ ਦੀ ਘੋਸ਼ਣਾ ਨੂੰ ਨਿਖੇਧਾ। ਉਹਨਾਂ ਮੰਗ ਕੀਤੀ ਕਿ ਕੇਂਦਰ ਘੱਟੋ-ਘੱਟ 50 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਕਰੇ।
ਆਗੂਆਂ ਨੇ ਕਿਹਾ ਕਿ ਹੜ੍ਹਾਂ ਦਾ ਵੱਡਾ ਕਾਰਨ ਡੈਮਾਂ ਤੋਂ ਪਾਣੀ ਛੱਡਣ ਦੀ ਗਲਤ ਨੀਤੀ ਹੈ। ਉਹਨਾਂ ਮੰਗ ਕੀਤੀ ਕਿ ਬੀਬੀਐਮਬੀ ਅਤੇ ਹੋਰ ਡੈਮਾਂ ਤੋਂ ਪਾਣੀ ਛੱਡਣ ਦੇ ਢੰਗ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਾਰਵਾਈ ਕੀਤੀ ਜਾਵੇ।
ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁਆਵਜ਼ੇ ਪ੍ਰਤੀ ਹਮਦਰਦੀ ਦੇ ਬਦਲੇ ਉਹ ਪੰਜਾਬ ਦੇ ਜ਼ਖਮਾਂ ’ਤੇ ਲੂਣ ਛਿੜਕ ਕੇ ਗਏ ਹਨ।

ਵਫਦ ਵੱਲੋਂ ਡੀਸੀ ਗੁਰਦਾਸਪੁਰ ਨੂੰ ਅਪੀਲ ਕੀਤੀ ਗਈ ਕਿ ਬਣਦਾ ਮੁਆਵਜ਼ਾ ਜਲਦੀ ਤੋਂ ਜਲਦੀ ਅਦਾ ਕੀਤਾ ਜਾਵੇ। ਇਸ ਮੌਕੇ ਬਲਜੀਤ ਸਿੰਘ ਕਲਾਨੌਰ, ਕੁਲਵਿੰਦਰ ਸਿੰਘ ਤਿੱਬੜ, ਦਵਿੰਦਰ ਸਿੰਘ ਸੋਨਾ ਘਰਾਲਾ, ਬਲਪ੍ਰੀਤ ਸਿੰਘ ਪ੍ਰਿੰਸ, ਰਣਜੀਤ ਸਿੰਘ ਰਾਣਾ ਘਰਾਲਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।


Share & like

Leave a Reply