ਗੁਰਦਾਸਪੁਰ ’ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਨਿਰੀਖਣ ਤੇ ਸਮੀਖਿਆ ਮੀਟਿੰਗ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 9 ਸਤੰਬਰ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਨਿਰੀਖਣ ਕੀਤਾ ਅਤੇ ਗੁਰਦਾਸਪੁਰ ਵਿੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਨੇ ਰਾਹਤ ਤੇ ਪੁਨਰਵਾਸ ਉਪਾਵਾਂ ਦਾ ਜਾਇਜ਼ਾ ਲੈਂਦਿਆਂ ਪੰਜਾਬ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਇਹ ਰਕਮ ਸੂਬੇ ਦੇ ਖ਼ਾਤੇ ਵਿੱਚ ਪਹਿਲਾਂ ਹੀ ਮੌਜੂਦ 12,000 ਕਰੋੜ ਰੁਪਏ ਤੋਂ ਇਲਾਵਾ ਹੋਵੇਗੀ।

ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਨੇੜਲੇ ਸਬੰਧੀਆਂ ਲਈ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਰਾਹਤ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਅਨਾਥ ਹੋਏ ਬੱਚਿਆਂ ਲਈ ਪੀਐੱਮ ਕੇਅਰਸ ਫਾਰ ਚਿਲਡ੍ਰਨ ਸਕੀਮ ਤਹਿਤ ਵਿਆਪਕ ਸਹਾਇਤਾ ਪ੍ਰਦਾਨ ਕਰਨ ਦਾ ਵੀ ਭਰੋਸਾ ਦਿੱਤਾ।

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਭਾਈਚਾਰੇ ਲਈ ਖਾਸ ਪੈਕੇਜ ਦਾ ਐਲਾਨ ਕਰਦਿਆਂ ਕਿਹਾ ਕਿ ਬੋਰਾਂ ਦੇ ਨੁਕਸਾਨ ਦੀ ਭਰਪਾਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਰਾਹੀਂ ਕੀਤੀ ਜਾਵੇਗੀ ਅਤੇ ਡੀਜ਼ਲ ਬੋਰ ਪੰਪਾਂ ਨੂੰ ਸੋਲਰ ਪੈਨਲਾਂ ਨਾਲ ਜੋੜਨ ਲਈ ਵੀ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ। ਪ੍ਰਭਾਵਿਤ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਨੁਕਸਾਨੇ ਹੋਏ ਸਕੂਲਾਂ ਲਈ ਸਮਗ੍ਰ ਸ਼ਿਕਸ਼ਾ ਅਭਿਯਾਨ ਤਹਿਤ ਸਹਾਇਤਾ ਦਾ ਪ੍ਰਬੰਧ ਕੀਤਾ ਜਾਵੇਗਾ।

ਜਲ ਸੰਚਯ ਜਨ ਭਾਗੀਦਾਰੀ ਪ੍ਰੋਗਰਾਮ ਤਹਿਤ ਵੱਡੇ ਪੱਧਰ ’ਤੇ ਰੀਚਾਰਜ ਢਾਂਚਿਆਂ ਦੀ ਮੁਰੰਮਤ ਅਤੇ ਨਵੇਂ ਨਿਰਮਾਣ ਦਾ ਐਲਾਨ ਕੀਤਾ ਗਿਆ ਹੈ, ਤਾਂ ਜੋ ਪਾਣੀ ਦੀ ਲੰਬੇ ਸਮੇਂ ਲਈ ਸਥਿਰਤਾ ਯਕੀਨੀ ਬਣ ਸਕੇ।
ਪ੍ਰਧਾਨ ਮੰਤਰੀ ਨੇ ਐੱਨਡੀਆਰਐੱਫ, ਐੱਸਡੀਆਰਐੱਫ, ਸੈਨਾ ਅਤੇ ਸੇਵਾ-ਮੁਖੀ ਸੰਗਠਨਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਰਾਜ ਸਰਕਾਰ ਦੇ ਨਾਲ ਮਿਲ ਕੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹਰ ਸੰਭਵ ਯਤਨ ਕਰੇਗੀ।











