Share & like

ਰੋਜ਼ਾਨਾ ਖ਼ਬਰ
ਚੰਡੀਗੜ੍ਹ, 8 ਸਤੰਬਰ
ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਏ ਵੱਡੇ ਨੁਕਸਾਨ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਤੋਂ 20 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਇਹ ਮੰਗ ਸੂਬੇ ਦੇ ਕੈਬਨਿਟ ਮੰਤਰੀ ਅਤੇ ਪੰਜਾਬ ਦੇ ‘ਆਪ’ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆ ਰਹੇ ਹਨ। “ਸਾਡੀ ਬੇਨਤੀ ਹੈ ਕਿ ਪ੍ਰਧਾਨ ਮੰਤਰੀ ਸਿਰਫ ਤਸਵੀਰਾਂ ਖਿਚਵਾ ਕੇ ਨਾ ਵਾਪਸ ਜਾਣ, ਸਗੋਂ ਪੰਜਾਬ ਨੂੰ ਫੌਰੀ ਰਾਹਤ ਪੈਕੇਜ ਦੇ ਕੇ ਹੜ੍ਹ ਪੀੜਤਾਂ ਦੀ ਮਦਦ ਯਕੀਨੀ ਬਣਾਉਣ,” ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ।
ਅਰੋੜਾ ਨੇ ਦੱਸਿਆ ਕਿ ਹੜ੍ਹਾਂ ਨਾਲ ਸੂਬੇ ਦੇ 23 ਜ਼ਿਲ੍ਹਿਆਂ ਦੇ 2000 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ, ਜਿੱਥੇ ਲਗਭਗ ਸਾਢੇ ਚਾਰ ਲੱਖ ਏਕੜ ਖੇਤਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ, ਚਾਰ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹੁਣ ਤੱਕ ਦਾ ਕੁੱਲ ਆਰਥਿਕ ਨੁਕਸਾਨ ਕਰੀਬ 20 ਹਜ਼ਾਰ ਕਰੋੜ ਰੁਪਏ ਅੰਦਾਜ਼ਿਆ ਗਿਆ ਹੈ।
ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਦੇ ਪਹਿਲਾਂ ਹੀ 60 ਹਜ਼ਾਰ ਕਰੋੜ ਰੁਪਏ ਬਕਾਇਆ ਖੜੇ ਕਰਦੀ ਹੈ। ਇਸ ਲਈ, ਕੇਂਦਰ ਨੂੰ ਇਹ ਰਕਮ ਵੀ ਜਲਦੀ ਜਾਰੀ ਕਰਨੀ ਚਾਹੀਦੀ ਹੈ।

ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 9 ਸਤੰਬਰ ਨੂੰ ਪੰਜਾਬ ਦੇ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਹਿਮਾਚਲ ਦੇ ਕਾਂਗੜਾ ਤੋਂ ਪੰਜਾਬ ਦੇ ਪਠਾਨਕੋਟ ਏਅਰਬੇਸ ‘ਤੇ ਉਤਰ ਕੇ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਕਰਨਗੇ। ਦੌਰੇ ਦੌਰਾਨ ਉਨ੍ਹਾਂ ਵੱਲੋਂ ਰਾਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਵੀ ਸੰਭਾਵਨਾ ਹੈ।


Share & like

Leave a Reply