ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਮੁਹਾਲੀ, 8 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫੋਰਟਿਸ ਹਸਪਤਾਲ ਦੇ ਕਮਰੇ ’ਚੋਂ ਵਰਚੁਅਲ ਰਾਹੀਂ ਪੰਜਾਬ ਕੈਬਨਿਟ ਦੀ ਮਹੱਤਵਪੂਰਨ ਬੈਠਕ ਵਿੱਚ ਸ਼ਾਮਲ ਹੋਏ।
5 ਸਤੰਬਰ ਨੂੰ ਤੇਜ਼ ਬੁਖ਼ਾਰ ਕਾਰਨ ਮੁੱਖ ਮੰਤਰੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਅਜੇ ਵੀ ਉਹ ਇਲਾਜ ਅਧੀਨ ਹਨ, ਪਰ ਮਹੱਤਵਪੂਰਨ ਫ਼ੈਸਲੇ ਲੈਣ ਲਈ ਉਨ੍ਹਾਂ ਨੇ ਬੈਠਕ ਵਿੱਚ ਵਰਚੁਅਲ ਹਾਜ਼ਰੀ ਯਕੀਨੀ ਬਣਾਈ।

ਸੂਤਰਾਂ ਅਨੁਸਾਰ ਕੈਬਨਿਟ ਮੀਟਿੰਗ ਦੌਰਾਨ ਰਾਜ ਦੀ ਮਾਈਨਿੰਗ ਨੀਤੀ ਵਿੱਚ ਸੁਧਾਰਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਨਵੀਂ ਤਜਵੀਜ਼ ਮੁਤਾਬਕ ਉਹਨਾਂ ਕਿਸਾਨਾਂ ਨੂੰ ਖ਼ਾਸ ਰਾਹਤ ਦੇਣ ਦੀ ਯੋਜਨਾ ਬਣ ਰਹੀ ਹੈ ਜਿਨ੍ਹਾਂ ਦੀ ਜ਼ਮੀਨ ਹਾਲੀਆ ਮੌਨਸੂਨ ਬਾਰਸ਼ਾਂ ਦੌਰਾਨ ਪਾਣੀ ਵਿੱਚ ਡੁੱਬ ਗਈ ਸੀ। ਨੀਤੀ ਅਧੀਨ ਉਨ੍ਹਾਂ ਕਿਸਾਨਾਂ ਨੂੰ ਆਪਣੀ ਜ਼ਮੀਨ ’ਤੇ ਜਮ੍ਹਾਂ ਹੋਈ ਰੇਤ ਕੱਢ ਕੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਕਦਮ ਨੂੰ ਹੜ੍ਹ ਪੀੜਤ ਕਿਸਾਨਾਂ ਲਈ ਆਰਥਿਕ ਸਹਾਇਤਾ ਦੇ ਵਜੋਂ ਦੇਖਿਆ ਜਾ ਰਿਹਾ ਹੈ।

ਮੁਹਾਲੀ ਪ੍ਰਸ਼ਾਸਨ ਵੱਲੋਂ ਕੈਬਨਿਟ ਮੀਟਿੰਗ ਲਈ ਵਿਸ਼ੇਸ਼ ਤਿਆਰੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਹਸਪਤਾਲ ਪਹੁੰਚ ਕੇ ਪ੍ਰਬੰਧਾਂ ਦੀ ਜਾਂਚ ਕੀਤੀ, ਜਦਕਿ ਡੀਆਈਜੀ ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ ਨੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਇਸ ਸਭ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਮੁੱਖ ਮੰਤਰੀ ਨੂੰ ਕੁਝ ਹੋਰ ਸਮਾਂ ਹਸਪਤਾਲ ਵਿੱਚ ਰਹਿਣਾ ਪਵੇਗਾ।

ਇਸ ਦੌਰਾਨ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਵੀ ਫੋਰਟਿਸ ਹਸਪਤਾਲ ਪਹੁੰਚੇ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਹ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਸਿੱਧੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ।











