ਰਿਪੋਰਟ: ਜਤਿੰਦਰ ਬੈਂਸ, ਸੰਪਾਦਕ ਰੋਜ਼ਾਨਾ ਖ਼ਬਰ
ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਵਿਖੇ ਐੱਸ.ਡੀ.ਐੱਮ. ਦੇ ਤੌਰ ‘ਤੇ ਤੈਨਾਤ ਆਈ.ਏ.ਐੱਸ. ਅਧਿਕਾਰੀ ਜਸਪਿੰਦਰ ਸਿੰਘ ਭੁੱਲਰ ਨੇ ਆਪਣੀ ਸਮਰਪਣ ਭਰੀ ਕਾਰਗੁਜ਼ਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ ਹੈ। 2021 ਬੈਚ ਦੇ ਇਹ ਨੌਜਵਾਨ ਅਧਿਕਾਰੀ ਸੰਕਟ ਦੀ ਹਰ ਘੜੀ ਵਿੱਚ ਲੋਕਾਂ ਦੀ ਰੱਖਿਆ ਲਈ ਡਟ ਕੇ ਖੜ੍ਹੇ ਹੋਏ ਹਨ।

ਓਪਰੇਸ਼ਨ ਸਿੰਧੂਰ ਤੋਂ ਹੜ੍ਹਾਂ ਤੱਕ ਸੇਵਾ ਦਾ ਜਜ਼ਬਾ
ਇਸੇ ਸਾਲ ਮਈ ਮਹੀਨੇ ਵਿੱਚ ਹੋਏ ਓਪਰੇਸ਼ਨ ਸਿੰਧੂਰ ਦੌਰਾਨ ਵੀ ਜਸਪਿੰਦਰ ਸਿੰਘ ਭੁੱਲਰ ਨੇ ਮਿਸਾਲੀ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਸਿਵਲ ਪ੍ਰਸ਼ਾਸਨ, ਸੁਰੱਖਿਆ ਬਲਾਂ ਅਤੇ ਫ਼ੌਜ ਵਿੱਚ ਵਧੀਆ ਤਾਲਮੇਲ ਪੈਦਾ ਕਰਕੇ ਸਰਹੱਦੀ ਇਲਾਕਿਆਂ ਦੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ।
ਹੁਣੇ-ਹੁਣੇ ਆਏ ਰਾਵੀ ਦਰਿਆ ਦੇ ਹੜ੍ਹਾਂ ਨੇ ਜਦੋਂ ਖੇਤਰ ਵਿੱਚ ਤਬਾਹੀ ਮਚਾਈ ਤਾਂ ਐੱਸ.ਡੀ.ਐੱਮ. ਭੁੱਲਰ ਨੇ ਗਰਾਊਂਡ ਜ਼ੀਰੋ ‘ਤੇ ਮੋਰਚਾ ਸੰਭਾਲਿਆ। ਹੜ੍ਹ ਤੋਂ ਪਹਿਲਾਂ ਹੀ ਉਹ ਲੋਕਾਂ ਨੂੰ ਸਚੇਤ ਕਰ ਰਹੇ ਸਨ ਕਿ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ।

ਰੈਸਕਿਊ ਕਾਰਜਾਂ ਦੀ ਖੁਦ ਅਗਵਾਈ
ਧੁੱਸੀ ਟੁੱਟਣ ਕਾਰਨ ਜਦੋਂ ਪਿੰਡਾਂ ਵਿੱਚ ਪਾਣੀ ਵੜਿਆ ਤਾਂ ਜਸਪਿੰਦਰ ਸਿੰਘ ਭੁੱਲਰ ਖੁਦ ਟਰੈਕਟਰ ‘ਤੇ ਸਵਾਰ ਹੋ ਕੇ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੇ। ਉਨ੍ਹਾਂ ਸਭ ਤੋਂ ਅੱਗੇ ਰਹਿ ਕੇ ਰੈਸਕਿਊ ਓਪਰੇਸ਼ਨ ਦੀ ਅਗਵਾਈ ਕੀਤੀ ਅਤੇ ਕਈ ਕੀਮਤੀ ਜਾਨਾਂ ਬਚਾਈਆਂ।
ਐੱਸ.ਡੀ.ਐੱਮ. ਨੇ ਸਰਕਾਰ ਅਤੇ ਲੋਕਾਂ ਵਿਚਕਾਰ ਇਕ ਕੜੀ ਵਜੋਂ ਕੰਮ ਕਰਦਿਆਂ ਰਾਹਤ ਸਮਗਰੀ ਪਹੁੰਚਾਈ। ਫ਼ੌਜ ਨਾਲ ਰਾਬਤਾ ਕਰਕੇ ਕਈ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਏਅਰ ਲਿਫ਼ਟ ਕਰਵਾਇਆ। ਉਨ੍ਹਾਂ ਨੇ ਐੱਨ.ਡੀ.ਆਰ.ਐੱਫ਼, ਭਾਰਤੀ ਫ਼ੌਜ, ਬੀ.ਐੱਸ.ਐੱਫ. ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵਿੱਚ ਤਾਲਮੇਲ ਬਣਾਕੇ ਰਾਹਤ ਕਾਰਜਾਂ ਨੂੰ ਸਫਲ ਬਣਾਇਆ।

ਹੜ੍ਹ ਉਤਰਣ ਤੋਂ ਬਾਅਦ ਵੀ ਸੇਵਾ ਜਾਰੀ
ਭਾਵੇਂ ਹੜ੍ਹ ਦਾ ਪਾਣੀ ਉਤਰ ਰਿਹਾ ਹੈ, ਪਰ ਲੋਕਾਂ ਦੀਆਂ ਮੁਸ਼ਕਲਾਂ ਅਜੇ ਘੱਟ ਨਹੀਂ ਹੋਈਆਂ। ਜਸਪਿੰਦਰ ਸਿੰਘ ਭੁੱਲਰ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਰਾਹਤ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ।
ਲੋੜਵੰਦਾਂ ਤੱਕ ਰਾਹਤ ਸਮਗਰੀ ਤੇ ਜ਼ਰੂਰੀ ਸਾਮਾਨ ਪਹੁੰਚਾਇਆ ਜਾ ਰਿਹਾ ਹੈ।
ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।
ਬਿਮਾਰੀਆਂ ਤੋਂ ਬਚਾਵ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਮੱਛਰ-ਮੱਖੀਆਂ ਦੇ ਖ਼ਾਤਮੇ ਲਈ ਫੌਗਿੰਗ ਹੋ ਰਹੀ ਹੈ।
ਪਸ਼ੂਆਂ ਦੇ ਇਲਾਜ ਅਤੇ ਚਾਰੇ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਜੋੜ ਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।

ਲੋਕਾਂ ਦੀ ਸ਼ਲਾਘਾ
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੇ ਐੱਸ.ਡੀ.ਐੱਮ. ਜਸਪਿੰਦਰ ਸਿੰਘ ਭੁੱਲਰ ਦੀ ਸੇਵਾ ਭਾਵਨਾ ਅਤੇ ਸਮਰਪਣ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਅਧਿਕਾਰੀ ਸੰਕਟ ਦੀ ਘੜੀ ਵਿੱਚ ਸੰਕਟਮੋਚਨ ਸਾਬਤ ਹੁੰਦੇ ਹਨ ਅਤੇ ਉਨ੍ਹਾਂ ਦੀ ਸੇਵਾ ਹਮੇਸ਼ਾਂ ਯਾਦ ਰਹੇਗੀ।










