Share & like

ਰਾਜੇਸ਼ ਕੁਮਾਰ ਆਮਲਾ/ਰੋਜ਼ਾਨਾ ਖ਼ਬਰ
ਮੂਨਕ/ਸੰਗਰੂਰ, 07 ਸਤੰਬਰ
ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸਿਮਰਨਜੀਤ ਸਿੰਘ ਮਾਨ ਨੇ ਅੱਜ ਮੂਨਕ, ਕੜੈਲ ਅਤੇ ਮਕੋੜ ਸਾਹਿਬ ਵਿਖੇ ਘੱਗਰ ਬੰਨਾਂ ’ਤੇ ਬੈਠੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਘੱਗਰ ਦੀ ਸਮੱਸਿਆ ਦੇ ਸਥਾਈ ਹੱਲ ਲਈ ਵਿਸ਼ੇਸ਼ ਪੈਕਜ ਦੀ ਮੰਗ ਕੀਤੀ।

ਮਾਨ ਨੇ ਕਿਹਾ ਕਿ ਹਰ ਸਾਲ ਘੱਗਰ ਦੇ ਕੱਚੇ ਕੰਢੇ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਜਾਂਦੀ ਹੈ ਅਤੇ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਬੰਨਾਂ ਨੂੰ ਕੰਕਰੀਟ ਨਾਲ ਪੱਕਾ ਕੀਤਾ ਜਾਵੇ ਅਤੇ ਦਰਿਆ ਦੀ ਵਿਉਂਤਬੱਧ ਖੁਦਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਘੱਗਰ ਦੇ ਕੰਢਿਆਂ ਦੀ ਮਜ਼ਬੂਤੀ ਅਤੇ ਰੋਕਥਾਮ ਲਈ ਵੱਡਾ ਪੈਕਜ ਐਲਾਨਣ।

ਮਾਨ ਨੇ ਯਾਦ ਕਰਵਾਇਆ ਕਿ ਉਹ ਖੁਦ ਇਸ ਇਲਾਕੇ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਇਲਾਕੇ ਦੀਆਂ ਸਮੱਸਿਆਵਾਂ ਨਾਲ ਪੂਰੀ ਤਰ੍ਹਾਂ ਜਾਣੂ ਹਨ। ਉਹਨਾਂ ਦੱਸਿਆ ਕਿ ਪਹਿਲਾਂ ਵੀ ਉਹ ਸੈਂਟਰ ਤੋਂ ਘੱਗਰ ਬੰਨਾਂ ਦੀ ਮਜ਼ਬੂਤੀ ਲਈ ਰਕਮ ਲਿਆ ਚੁੱਕੇ ਹਨ ਅਤੇ ਉਸ ਵੇਲੇ ਸਿੰਚਾਈ ਮੰਤਰੀ ਸੀ. ਆਰ. ਪਾਟਿਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਕੇ ਘੱਗਰ ਕਾਰਨ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਸੂਚਿਤ ਕੀਤਾ ਸੀ। ਇਸ ਤੋਂ ਇਲਾਵਾ ਡੀਜ਼ਲ ਖਰਚੇ ਲਈ ਇੱਕ ਲੱਖ ਰੁਪਏ ਦੀ ਰਕਮ ਵੀ ਬੰਨਾਂ ਦੇ ਪਰਬੰਧਕਾਂ ਨੂੰ ਦਿੱਤੀ ਗਈ ਸੀ।

ਇਸ ਦੌਰੇ ਦੌਰਾਨ ਮਾਨ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਪੀ.ਏ.ਸੀ. ਮੈਂਬਰ ਬਹਾਦਰ ਸਿੰਘ ਭਸੌੜ, ਐਡਵੋਕੇਟ ਜਗਮੀਤ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ, ਮੀਤ ਪ੍ਰਧਾਨ ਪਰਗਟ ਸਿੰਘ ਗਾਗਾ, ਕੁਲਦੀਪ ਸਿੰਘ, ਗੁਰਸੇਵਕ ਸਿੰਘ, ਲਖਵਿੰਦਰ ਸਿੰਘ ਹਾਂਡਾ, ਜਸਵੀਰ ਸਿੰਘ, ਗੁਰਜੀਤ ਸਿੰਘ ਗਾਗਾ, ਉਪਿੰਦਰ ਪਰਤਾਪ ਸਿੰਘ, ਮਹਿੰਦਰ ਸਿੰਘ ਵਾਲੀਆਂ, ਬੀਬੀ ਕਰਮਜੀਤ ਕੌਰ ਪਾਪੜਾ, ਬੀਬੀ ਹਰਪਾਲ ਕੌਰ, ਹਰਦੀਪ ਸਿੰਘ ਕੜੈਲ, ਸੁਖਵੀਰ ਸਿੰਘ ਛਾਜਲੀ, ਹਰਦੀਪ ਸਿੰਘ ਨਾਰੀਕੇ, ਨਰਿੰਦਰ ਸਿੰਘ ਕਾਲਾਬੂਲਾ, ਸਾਧੂ ਸਿੰਘ ਪੇਧਨੀ, ਸਤਿਨਾਮ ਸਿੰਘ ਰੱਤੋਕੇ, ਜਗਤਾਰ ਸਿੰਘ ਸਲੇਮਗੜ, ਹਰਵਿੰਦਰ ਸਿੰਘ ਕਲੋਦੀ ਅਤੇ ਸਤਵੀਰ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।


Share & like

Leave a Reply