ਐਸਐਮਸੀ, ਪੰਚਾਇਤਾਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਪੂਰਾ ਕਰਨਗੇ ਸਾਫ਼-ਸਫ਼ਾਈ ਦਾ ਅਮਲ
9 ਸਤੰਬਰ ਤੋਂ ਸਕੂਲ ਅਤੇ ਕਾਲਜ ਆਮ ਵਾਂਗ ਖੁੱਲ੍ਹ ਜਾਣਗੇ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ/ਗੁਰਦਾਸਪੁਰ, 7 ਸਤੰਬਰ
ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਖੁੱਲਣ ਸਬੰਧੀ ਭੰਬਲਭੂਸਾ ਦੂਰ ਕਰਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਭਲਕੇ 8 ਸਤੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ। ਹਾਲਾਂਕਿ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿਣਗੇ ਅਤੇ ਸਕੂਲਾਂ ਦੀ ਸਾਫ਼-ਸਫ਼ਾਈ ਅਤੇ ਸੁਰੱਖਿਆ ਯਕੀਨੀ ਬਣਾਉਣ ਦਾ ਕੰਮ ਕਰਨਗੇ।

ਸ਼੍ਰੀ ਬੈਂਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਏਡਿਡ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਕੱਲ 8 ਸਤੰਬਰ ਤੋਂ ਆਮ ਦੀ ਤਰ੍ਹਾਂ ਖੁੱਲਣਗੀਆਂ। ਜਿਹੜੇ ਇਲਾਕੇ ਹੜ੍ਹਾਂ ਨਾਲ ਪ੍ਰਭਾਵਿਤ ਹਨ, ਉੱਥੇ ਸਕੂਲ ਜਾਂ ਕਾਲਜ ਖੋਲ੍ਹਣ-ਬੰਦ ਕਰਨ ਬਾਰੇ ਫੈਸਲਾ ਸੰਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਰਣਗੇ।
ਅਧਿਆਪਕ ਵੱਲੋਂ 8 ਸਤੰਬਰ ਨੂੰ ਸਕੂਲ ਜਾ ਕੇ ਸਾਫ਼-ਸਫ਼ਾਈ ਦੀ ਕਾਰਵਾਈ ਨੂੰ ਸਕੂਲ ਮੈਨੇਜਮੈਂਟ ਕਮੇਟੀ (ਐਸਐਮਸੀ), ਪੰਚਾਇਤਾਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਨੇਪਰੇ ਚਾੜਿਆ ਜਾਵੇਗਾ। ਇਸ ਦੌਰਾਨ ਅਧਿਆਪਕ ਸਕੂਲੀ ਇਮਾਰਤਾਂ ਦੀ ਪੂਰੀ ਜਾਂਚ ਵੀ ਕਰਨਗੇ। ਜੇਕਰ ਕੋਈ ਨੁਕਸ ਜਾਂ ਸਮੱਸਿਆ ਪਾਈ ਜਾਂਦੀ ਹੈ ਤਾਂ ਇਸ ਬਾਰੇ ਤੁਰੰਤ ਡਿਪਟੀ ਕਮਿਸ਼ਨਰ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਸਿੱਖਿਆ ਮੰਤਰੀ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਸਕੂਲ ਦੀ ਇਮਾਰਤ ਅਤੇ ਕਲਾਸ ਰੂਮ ਬਿੱਲਕੁਲ ਸੁਰੱਖਿਤ ਹਨ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਭਲਕੇ 8 ਸਤੰਬਰ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੇਖਦਿਆਂ ਭਾਵੇਂ ਛੁੱਟੀ ਕੀਤੀ ਗਈ ਹੈ ਲੇਕਿਨ ਸਿੱਖਿਆ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ 9 ਸਤੰਬਰ ਨੂੰ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 9 ਸਤੰਬਰ ਤੋਂ ਆਮ ਤਰ੍ਹਾਂ ਖੁੱਲ ਜਾਣਗੀਆਂ।











