ਸਰਕਾਰ ਦੇ ਰੋਲ ਨੂੰ ਨਿੰਦਣਯੋਗ ਕਰਾਰ ਦਿੱਤਾ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਟਾਲਾ, 4 ਸਤੰਬਰ
ਫੈਜਪੁਰਾ ਰੋਡ ਲਿਬਰੇਸ਼ਨ ਦਫਤਰ ਵਿਖੇ ਅੱਜ ਸੀਪੀਆਈ, ਸੀਪੀਐਮ, ਸੀਪੀਆਈਐਮਐਲ ਲਿਬਰੇਸ਼ਨ ਅਤੇ ਆਰਐੱਮਪੀਆਈ ਦੇ ਜ਼ਿਲ੍ਹਾ ਪੱਧਰੀ ਖੱਬੇ ਪੱਖੀ ਆਗੂਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਛੇ ਅਤੇ ਸੱਤ ਸਤੰਬਰ ਨੂੰ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ ਜਾਵੇਗਾ।

ਆਗੂ ਜਰਨੈਲ ਸਿੰਘ, ਰਣਬੀਰ ਸਿੰਘ ਵਿਰਕ, ਗੁਰਮੀਤ ਸਿੰਘ ਬਖਤਪੁਰਾ ਅਤੇ ਮਾਸਟਰ ਰਘਬੀਰ ਸਿੰਘ ਪਕੀਵਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹਾਂ ਦਾ ਘਟਨਾਕ੍ਰਮ ਸ਼ੁਰੂ ਹੋਏ ਦੱਸ ਦਿਨ ਬੀਤ ਚੁੱਕੇ ਹਨ ਪਰ ਪੰਜਾਬ ਤੇ ਕੇਂਦਰ ਸਰਕਾਰ ਦਾ ਰੋਲ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਮੰਤਰੀ ਅਤੇ ਵਿਧਾਇਕ ਸਿਰਫ਼ ਫੋਟੋਆਂ ਤੇ ਵੀਡੀਓਆਂ ਦੀ ਰਾਜਨੀਤੀ ਕਰ ਰਹੇ ਹਨ, ਜਦਕਿ ਪ੍ਰਸ਼ਾਸਨ ਨੂੰ ਚੁਸਤ ਕਰਨ ਦੀ ਜ਼ਰੂਰਤ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਮਰੇ ਪਸ਼ੂਆਂ, ਪੋਲਟਰੀ ਤੇ ਮੱਛੀ ਫਾਰਮਾਂ ਦੇ ਨੁਕਸਾਨ ਦਾ ਸਹੀ ਅੰਕੜਾ ਵੀ ਇਕੱਠਾ ਨਹੀਂ ਕੀਤਾ ਗਿਆ। ਹੁਣ ਤਕ ਪੰਜਾਬ ਸਰਕਾਰ ਨੇ ਸਿਰਫ਼ 71 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ ਤੇ ਕੇਂਦਰ ਸਰਕਾਰ ਨੇ ਵੀ ਦੇਰ ਨਾਲ ਪ੍ਰਤੀਕ੍ਰਿਆ ਦਿੱਤੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਪੰਜਾਬ-ਹਰਿਆਣਾ ਹਾਈ ਕੋਰਟ ਸੁ ਮੋਟੋ ਲੈ ਕੇ ਹੜ੍ਹਾਂ ਬਾਬਤ ਇੱਕ ਕਮਿਸ਼ਨ ਬਣਾਵੇ, ਤਾਂ ਜੋ ਦੋਵਾਂ ਸਰਕਾਰਾਂ ਦੇ ਅਸਲ ਰੋਲ ਨੂੰ ਸਾਹਮਣੇ ਲਿਆ ਜਾ ਸਕੇ।

ਮੀਟਿੰਗ ਵਿੱਚ ਜਨਕ ਰਾਜ, ਗੁਲਜਾਰ ਸਿੰਘ ਭੁੰਬਲੀ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਦਲਬੀਰ ਭੋਲਾ ਅਤੇ ਹਸ਼ਾ ਸਿੰਘ ਵੀ ਮੌਜੂਦ ਸਨ।










