Share & like

ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 3 ਸਤੰਬਰ
ਪਿਛਲੇ ਅੱਠ ਦਿਨ ਤੋਂ ਪੰਜਾਬ ਹੜ੍ਹ ਦੀ ਮਾਰ ਹੇਠ ਹੈ। ਹੁਣ ਜਿੱਥੇ ਦੁਆਬਾ ਅਤੇ ਮਾਲਵਾ ਖੇਤਰ ਹੜ੍ਹ ਦਾ ਮੈਦਾਨ ਬਣ ਰਹੇ ਹਨ, ਉੱਥੇ ਰਾਵੀ ਦਰਿਆ ਵਿੱਚ ਦੁਬਾਰਾ ਪਾਣੀ ਆਉਣ ਕਾਰਨ ਮਕੌੜਾ ਪੱਤਣ ਤੋਂ ਪਾਰ ਸੱਤ ਪਿੰਡ ਮੁੜ ਟਾਪੂ ਵਿੱਚ ਬਦਲ ਗਏ ਹਨ।

ਮਾਲੂਮ ਹੋਵੇ ਕਿ ਮਾਝਾ ਖੇਤਰ ਵਿੱਚ ਆਏ ਪਹਿਲੇ ਹੜ੍ਹ ਦੌਰਾਨ ਵੀ ਇਨ੍ਹਾਂ ਪਿੰਡਾਂ ਦਾ ਸੰਪਰਕ ਭਾਰਤ ਨਾਲੋਂ ਟੁੱਟ ਗਿਆ ਸੀ। ਪੰਜ ਦਿਨ ਬਾਅਦ ਸੰਪਰਕ ਹੋਣ ਉਪਰੰਤ ਹੀ ਰਾਹਤ ਸਮੱਗਰੀ ਉੱਥੇ ਪਹੁੰਚ ਸਕੀ ਸੀ। ਪਰ ਬੀਤੇ 24 ਘੰਟਿਆਂ ਤੋਂ ਪਹਾੜਾਂ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਨਦੀਆਂ-ਨਾਲਿਆਂ ਦਾ ਪਾਣੀ ਰਾਵੀ ਦਰਿਆ ਵਿੱਚ ਮਿਲਣ ਨਾਲ ਦਰਿਆ ਦਾ ਪੱਧਰ ਤੇਜ਼ੀ ਨਾਲ ਵੱਧ ਗਿਆ।
ਰਾਤ ਕਰੀਬ 12 ਵਜੇ ਪਿੰਡ ਮਕੋੜਾ ਦੇ ਬਾਹਰਵਾਰ ਪਾਣੀ ਪਹੁੰਚਣ ਨਾਲ ਹੜਕੰਪ ਮਚ ਗਿਆ ਸੀ। ਹਾਲਾਂਕਿ ਸਵੇਰ ਤੜਕੇ ਕੁਝ ਰਾਹਤ ਮਿਲੀ, ਪਰ ਸਵੇਰੇ 7 ਵਜੇ ਤੋਂ ਦਰਿਆ ਦਾ ਪਾਣੀ ਮੁੜ ਵੱਧਣਾ ਸ਼ੁਰੂ ਹੋ ਗਿਆ, ਜੋ ਲਗਾਤਾਰ ਜਾਰੀ ਹੈ। ਨਤੀਜੇ ਵਜੋਂ ਟੁੱਟੀਆਂ ਧੁੱਸੀਆਂ ਰਾਹੀਂ ਪਾਣੀ ਠੱਠੀ, ਫਰੀਦਪੁਰ, ਜੈਨਪੁਰ ਤੇ ਓਗਰਾ ਵੱਲ ਵਗਦਾ ਹੋਇਆ ਗਾਲੜੀ ਵਾਲੀ ਸੜਕ ਉੱਤੇ ਚੜ੍ਹ ਗਿਆ।
ਪਹਿਲੇ ਹੜ੍ਹ ਤੋਂ ਹੀ ਪੀੜਤ ਲੋਕ ਦੁਬਾਰਾ ਡਰੇ-ਸਹਿਮੇ ਹੋਏ ਹਨ ਅਤੇ ਆਪਣੇ ਪੱਧਰ ਤੇ ਧੁੱਸੀ ਬੰਨ ਬਣਾਉਣ ਵਿੱਚ ਲੱਗੇ ਹਨ। ਇਸ ਮੁਸ਼ਕਲ ਘੜੀ ਵਿੱਚ ਗੁਰਦਾਸਪੁਰ ਦੇ ਐਮਐਲਏ ਬਰਿੰਦਰ ਮੀਤ ਸਿੰਘ ਪਾਹੜਾ ਵੀ ਬਿਨਾਂ ਕਿਸੇ ਪਾਰਟੀ ਭੇਦਭਾਵ ਦੇ ਸਥਾਨਕ ਵਰਕਰਾਂ ਦੇ ਨਾਲ ਧੁੱਸੀਆਂ ਬੰਨ੍ਹਾਂ ਦੀ ਮੁਰੰਮਤ ਤੇ ਨਿਰਮਾਣ ਕਰਵਾ ਰਹੇ ਹਨ।
ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਕੁਝ ਸਿਆਸੀ ਨੇਤਾ ਸਿਰਫ਼ “ਫੋਟੋ ਕਲਚਰ” ਲਈ ਆ ਕੇ ਤਸਵੀਰਾਂ ਖਿਚਵਾਉਂਦੇ ਹਨ, ਜਿਸ ਨਾਲ ਅਸਲ ਕੰਮ ਵਿੱਚ ਰੁਕਾਵਟ ਪੈਂਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਿਆਸੀ ਨੇਤਾ ਸਿਰਫ਼ ਤਸਵੀਰਾਂ ਖਿੱਚਵਾਉਣ ਦੀ ਬਜਾਏ ਲੋਕਾਂ ਨਾਲ ਮਿਲ ਕੇ ਮੈਦਾਨ ਵਿੱਚ ਕੰਮ ਕਰਨ।


Share & like

Leave a Reply