Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 3 ਸਤੰਬਰ
ਅੱਜ ਮਜ਼ਦੂਰ ਮੁਕਤੀ ਮੋਰਚਾ ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਮੀਟਿੰਗ ਕਰਕੇ ਮੰਗ ਕੀਤੀ ਗਈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਸਮੇਤ ਸਮੁੱਚੇ ਪੰਜਾਬ ਵਿੱਚ ਮਜ਼ਦੂਰ ਪਰਿਵਾਰਾਂ ਦੇ ਘਰਾਂ ਅਤੇ ਪਸ਼ੂਆਂ ਆਦਿ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਸਪੈਸ਼ਲ ਜਾਂਚ ਪੜਤਾਲ ਕਰਵਾਈ ਜਾਵੇ।

ਮੀਟਿੰਗ ਤੋਂ ਬਾਅਦ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਵਿਜੇ ਸੋਹਲ ਅਤੇ ਦਲਬੀਰ ਭੋਲੇ ਨੇ ਕਿਹਾ ਕਿ ਬੀਤੇ ਡੇਢ-ਦੋ ਹਫ਼ਤਿਆਂ ਤੋਂ ਦਿਹਾੜੀਦਾਰ ਮਜ਼ਦੂਰ ਘਰਾਂ ਵਿੱਚ ਬੇਰੁਜ਼ਗਾਰ ਬੈਠੇ ਹਨ। ਹੜ੍ਹਾਂ ਅਤੇ ਲੰਬੀ ਬਾਰਿਸ਼ ਕਾਰਨ ਕਈ ਪਰਿਵਾਰਾਂ ਦੇ ਘਰ ਢਹਿ ਗਏ ਹਨ ਤੇ ਕਈਆਂ ਵਿੱਚ ਵੱਡੀਆਂ ਤਰੇੜਾਂ ਪੈ ਗਈਆਂ ਹਨ।
ਉਹਨਾਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੀ ਨੀਤੀ ਬਣਾ ਕੇ ਹਰ ਮਜ਼ਦੂਰ ਪਰਿਵਾਰ ਨੂੰ ਘੱਟੋ-ਘੱਟ 20 ਹਜ਼ਾਰ ਰੁਪਏ ਨਗਦ ਸਹਾਇਤਾ ਦਿੱਤੀ ਜਾਵੇ। ਇਸ ਤੋਂ ਇਲਾਵਾ ਹੜ੍ਹਾਂ ਨਾਲ ਖਰਾਬ ਹੋਏ ਰਸਤੇ, ਨਾਲੇ ਅਤੇ ਗਲੀਆਂ ਸਾਫ਼ ਕਰਨ ਲਈ ਮਨਰੇਗਾ ਰਾਹੀਂ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ।
ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ 32% ਦਲਿਤ ਤੇ 22% ਬੀਸੀ ਮਜ਼ਦੂਰ ਪਰਿਵਾਰਾਂ ਸਮੇਤ ਬੇਜਮੀਨੇ ਕਿਸਾਨਾਂ ਦੀ ਵੱਡੀ ਗਿਣਤੀ ਹੈ, ਪਰ ਸਰਕਾਰ ਨੇ ਅਜੇ ਤੱਕ ਉਨ੍ਹਾਂ ਦੀ ਯੋਗ ਰਾਹਤ ਲਈ ਕੋਈ ਨੀਤੀ ਤਿਆਰ ਨਹੀਂ ਕੀਤੀ।
ਉਹਨਾਂ ਚੇਤਾਵਨੀ ਦਿੱਤੀ ਕਿ ਮਜ਼ਦੂਰ ਪਰਿਵਾਰਾਂ ਦੀਆਂ ਫੌਰੀ ਮੰਗਾਂ ਨੂੰ ਪੂਰਾ ਨਾ ਕਰਨ ਦੀ ਸੂਰਤ ਵਿੱਚ ਜਲਦੀ ਹੀ ਤਹਿਸੀਲ ਅਤੇ ਜ਼ਿਲਾ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਮੀਟਿੰਗ ਵਿੱਚ ਪ੍ਰੇਮ ਮਸੀਹ ਸੋਨਾ, ਗੁਲਜਾਰ ਸਿੰਘ ਭੁੰਬਲੀ, ਫੂਲ ਚੰਦ, ਬਚਨ ਸਿੰਘ ਬੋਪਾਰਾਏ, ਕੁਲਦੀਪ ਰਾਜੂ, ਦਰਸ਼ਨ ਖਰੋਟਾ, ਸੁਖਵਿੰਦਰ ਕੌਰ ਅਤੇ ਰਣਜੀਤ ਕੌਰ ਵੀ ਮੌਜੂਦ ਸਨ।


Share & like

Leave a Reply