Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 03 ਸਤੰਬਰ
ਰਾਵੀ ਦਰਿਆ ਦੇ ਹੜ੍ਹਾਂ ਦੌਰਾਨ ਲੋਕਾਂ ਨੂੰ ਬਚਾਉਣ ਅਤੇ ਰਾਹਤ ਪਹੁੰਚਾਉਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਮਿਸਾਲੀ ਕੰਮ ਹੋ ਰਿਹਾ ਹੈ, ਉੱਥੇ ਹੀ ਐੱਸ.ਡੀ.ਐੱਮ. ਕਲਾਨੌਰ ਸ੍ਰੀਮਤੀ ਜਯੋਤਸਨਾ ਸਿੰਘ ਦੇ ਦਲੇਰੀ ਭਰੇ ਉਪਰਾਲੇ ਨਾਲ ਇੱਕ ਕੁੜੀ ਦੀ ਡੋਲੀ ਵੀ ਤੁਰ ਸਕੀ ਹੈ।

ਕਲਾਨੌਰ ਨੇੜਲੇ ਪਿੰਡ ਸ਼ਾਲੇ ਚੱਕ ਦੀ ਵਸਨੀਕ ਮੁਟਿਆਰ ਕਰਮੀ ਪੁੱਤਰੀ ਬੂਆ ਮਸੀਹ ਦਾ ਵਿਆਹ 28 ਅਗਸਤ ਨੂੰ ਬਟਾਲਾ ਦੇ ਨੌਜਵਾਨ ਨਾਲ ਨਿਯਤ ਸੀ। ਪਰ 27 ਅਗਸਤ ਦੀ ਰਾਤ ਨੂੰ ਆਏ ਹੜ੍ਹ ਕਾਰਨ ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਘਿਰ ਗਿਆ। ਵਿਆਹ ਦੇ ਦਿਨ ਕੁੜੀ ਸਾਰੇ ਰਸਮੋ-ਰਿਵਾਜ ਕਰਕੇ ਤਿਆਰ ਬੈਠੀ ਸੀ ਪਰ ਹੜ੍ਹ ਦੇ ਪਾਣੀ ਕਾਰਨ ਰਾਹ ਮੁਕ ਗਿਆ।
ਲੜਕੀ ਦੇ ਪਿਤਾ ਨੇ ਇਹ ਮੁਸ਼ਕਲ ਪਿੰਡ ਦੇ ਸਰਪੰਚ ਨੂੰ ਦੱਸੀ ਜਿਸ ਨੇ ਤੁਰੰਤ ਐੱਸ.ਡੀ.ਐੱਮ. ਕਲਾਨੌਰ ਨਾਲ ਸੰਪਰਕ ਕੀਤਾ। ਖ਼ਬਰ ਮਿਲਦੇ ਹੀ ਐੱਸ.ਡੀ.ਐੱਮ. ਜਯੋਤਸਨਾ ਸਿੰਘ ਨੇ ਐੱਨ.ਡੀ.ਆਰ.ਐੱਫ. ਟੀਮ ਨਾਲ ਮਿਲ ਕੇ ਕਿਸ਼ਤੀ ਰਾਹੀਂ ਪਿੰਡ ਵਿੱਚ ਪਹੁੰਚ ਕੀਤੀ। ਉਨ੍ਹਾਂ ਨੇ ਵਿਆਹ ਵਾਲੀ ਕੁੜੀ ਨੂੰ ਵਧਾਈ ਦਿੱਤੀ ਅਤੇ ਪਰਿਵਾਰ ਨੂੰ ਕਿਸ਼ਤੀ ਰਾਹੀਂ ਕਲਾਨੌਰ ਲਿਆਂਦਾ, ਜਿੱਥੇ ਪੂਰੀ ਧੂਮਧਾਮ ਨਾਲ ਵਿਆਹ ਹੋ ਸਕਿਆ।

ਪਰਿਵਾਰ ਨੇ ਇਸ ਔਖੇ ਵੇਲੇ ਮਦਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਖ਼ਾਸ ਤੌਰ ‘ਤੇ ਐੱਸ.ਡੀ.ਐੱਮ. ਕਲਾਨੌਰ ਜਯੋਤਸਨਾ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਹੈ।


Share & like

Leave a Reply