ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 3 ਸਤੰਬਰ
ਪੰਜਾਬ ਵਿੱਚ ਹੜ੍ਹਾਂ ਨਾਲ ਪੈਦਾ ਹੋਈਆਂ ਭਿਆਨਕ ਹਾਲਤਾਂ ਦੇ ਮੱਦੇਨਜ਼ਰ ਗੌਰਮਿੰਟ ਟੀਚਰਜ਼ ਯੂਨੀਅਨ (ਜੀ.ਟੀ.ਯੂ.) ਪੰਜਾਬ ਨੇ ਫੌਰੀ ਸੂਬਾਈ ਮੀਟਿੰਗ ਬੁਲਾਈ, ਜੋ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਗੂਗਲ ਮੀਟ ਰਾਹੀਂ ਹੋਈ।

ਮੀਟਿੰਗ ਦੌਰਾਨ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਅਮਨਦੀਪ ਸ਼ਰਮਾ ਅਤੇ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਦੱਸਿਆ ਕਿ ਹੜ੍ਹਾਂ ਕਾਰਣ ਹੋਈ ਤਬਾਹੀ ਨੂੰ ਲੈ ਕੇ ਜਥੇਬੰਦੀ ਨੇ ਗਹਿਰੀ ਚਿੰਤਾ ਪ੍ਰਗਟ ਕੀਤੀ।
ਮੀਟਿੰਗ ਵਿੱਚ ਲਏ ਗਏ ਮੁੱਖ ਫ਼ੈਸਲੇ:
ਸਾਰੇ ਜਿਲ੍ਹਾ ਪ੍ਰਧਾਨ, ਸਕੱਤਰ, ਅਗੂਆਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਉਹ ਪਰਿਵਾਰ ਜਿਨ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਮੱਦਦ ਦਿੱਤੀ ਜਾਵੇ।
ਮਿਡ-ਡੇ ਮੀਲ ਵਰਕਰਾਂ ਦੇ ਨੁਕਸਾਨ ਦੀ ਭਰਪਾਈ ਲਈ ਵੀ ਯੂਨੀਅਨ ਵੱਲੋਂ ਮੱਦਦ ਕਰਨ ਦਾ ਫ਼ੈਸਲਾ।
ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਲਈ ਅਧਿਆਪਕ ਆਪਣੇ-ਆਪਣੇ ਇਲਾਕਿਆਂ ਵਿੱਚ ਸਰਗਰਮ ਰਹਿਣਗੇ।
ਸੂਬਾ ਬਾਡੀ ਵੱਲੋਂ ਨਿਰਣਾ ਕੀਤਾ ਗਿਆ ਕਿ ਸਾਰੇ ਮੈਂਬਰ ਹੜ੍ਹ ਪੀੜਤਾਂ ਲਈ ਇੱਕ ਦਿਨ ਦੀ ਤਨਖਾਹ ਫੌਰੀ ਤੌਰ ’ਤੇ ਜਮ੍ਹਾ ਕਰਵਾਉਣਗੇ।
ਇਕੱਠੇ ਕੀਤੇ ਫੰਡ ਦੀ ਮਾਨੀਟਰਿੰਗ ਲਈ ਜਿਲ੍ਹਾ ਪੱਧਰ ’ਤੇ ਤਿੰਨ ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ।
ਇਹ ਫੰਡ ਹੜ੍ਹ ਪੀੜਤਾਂ ਦੀ ਮੱਦਦ, ਮਹਾਂਮਾਰੀਆਂ ਤੋਂ ਬਚਾਅ, ਮਾਲ-ਡੰਗਰਾਂ ਦੀ ਦੇਖਭਾਲ ਅਤੇ ਫਸਲਾਂ ਲਈ ਬੀਜ ਮੁਹੱਈਆ ਕਰਨ ਵਿੱਚ ਵਰਤਿਆ ਜਾਵੇਗਾ।
ਸੂਬਾ ਪ੍ਰਧਾਨ ਨੇ ਕਪੂਰਥਲਾ, ਮੋਗਾ, ਪਠਾਨਕੋਟ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਫਾਜ਼ਿਲਕਾ, ਅੰਮ੍ਰਿਤਸਰ ਆਦਿ ਜ਼ਿਲ੍ਹਿਆਂ ਦੇ ਉਹਨਾਂ ਯੂਨੀਅਨ ਅਗੂਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਟੀਮਾਂ ਬਣਾ ਕੇ ਦਿਨ-ਰਾਤ ਹੜ੍ਹ ਪੀੜਤਾਂ ਦੀ ਸਹਾਇਤਾ ਵਿੱਚ ਜੁਟੇ ਹੋਏ ਹਨ।











