ਅਗਲੇ 24 ਘੰਟੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 1 ਸਤੰਬਰ
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਹੜ੍ਹਾਂ ਰਾਹੀਂ ਤਬਾਹੀ ਮਚਾਈ ਹੋਈ ਹੈ। ਰਾਵੀ, ਬਿਆਸ ਅਤੇ ਸਤਲੁਜ ਦਰਿਆ ਚੜ੍ਹੇ ਹੋਏ ਹਨ, ਜਦਕਿ ਘੱਗਰ ਨਦੀ ਵਿੱਚ ਵੀ ਪਾਣੀ ਦਾ ਪੱਧਰ ਖਤਰਨਾਕ ਤੌਰ ‘ਤੇ ਵੱਧ ਗਿਆ ਹੈ।
ਸਰਕਾਰੀ ਅੰਕੜਿਆਂ ਮੁਤਾਬਕ, ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ — ਅੰਮ੍ਰਿਤਸਰ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਪਠਾਨਕੋਟ ਅਤੇ ਮੁਹਾਲੀ। ਇਨ੍ਹਾਂ ਵਿੱਚ 1300 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬੇ ਹਨ।

ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15,688 ਲੋਕਾਂ ਨੂੰ ਸੁਰੱਖਿਅਤ ਤੌਰ ‘ਤੇ ਕੱਢਿਆ ਗਿਆ ਹੈ। ਸਭ ਤੋਂ ਵੱਧ ਮੌਤਾਂ ਪਠਾਨਕੋਟ (6) ਵਿੱਚ ਹੋਈਆਂ ਹਨ, ਜਦਕਿ ਅੰਮ੍ਰਿਤਸਰ, ਬਰਨਾਲਾ, ਹੁਸ਼ਿਆਰਪੁਰ, ਲੁਧਿਆਣਾ, ਮਾਨਸਾ ਅਤੇ ਰੋਪੜ ਵਿੱਚ 3-3 ਵਿਅਕਤੀ ਮਾਰੇ ਗਏ ਹਨ। ਬਠਿੰਡਾ, ਗੁਰਦਾਸਪੁਰ, ਪਟਿਆਲਾ, ਮੁਹਾਲੀ ਅਤੇ ਸੰਗਰੂਰ ਵਿੱਚ ਇਕ-ਇਕ ਮੌਤ ਦਰਜ ਕੀਤੀ ਗਈ ਹੈ।
ਸੂਬਾ ਸਰਕਾਰ ਨੇ ਰਾਹਤ ਕਾਰਜ ਤੇਜ਼ ਕੀਤੇ ਹਨ ਅਤੇ 129 ਰਾਹਤ ਕੈਂਪ ਚਲਾਏ ਹਨ, ਜਿੱਥੇ ਇਸ ਸਮੇਂ 7144 ਲੋਕਾਂ ਨੂੰ ਠਹਿਰਾਇਆ ਗਿਆ ਹੈ। ਪਸ਼ੂਆਂ ਦੇ ਵੱਡੇ ਨੁਕਸਾਨ ਦੀ ਵੀ ਪੁਸ਼ਟੀ ਹੋਈ ਹੈ।

ਦੂਜੇ ਪਾਸੇ, ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਖ਼ਾਸ ਤੌਰ ‘ਤੇ ਹੁਸ਼ਿਆਰਪੁਰ, ਨਵਾਂਸ਼ਹਿਰ, ਗੜਸ਼ੰਕਰ, ਰੋਪੜ ਅਤੇ ਪਟਿਆਲਾ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਕੁਝ ਹੋਰ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਲਗਾਇਆ ਗਿਆ ਹੈ।










