ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਦਸੂਹਾ, 31 ਅਗਸਤ
ਅੱਜ ਇਥੇ ਅੰਬੇਦਕਰ ਮਿਸ਼ਨ ਕਲੱਬ ਦਸੂਹਾ ਵਿਖੇ ਪੰਜਾਬ ਕਿਸਾਨ ਯੂਨੀਅਨ (ਏ.ਆਈ.ਕੇ.ਐਮ.ਐਸ.) ਜ਼ਿਲ੍ਹਾ ਹੁਸ਼ਿਆਰਪੁਰ ਦਾ ਇਜਲਾਸ ਤਰਲੋਚਨ ਸਿੰਘ ਰਛਪਾਲਵਾਂ, ਸਾਮ ਸਿੰਘ ਅਤੇ ਚੌਧਰੀ ਚਿਮਨ ਰਾਮ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ਵਿੱਚ ਦਰਜਨਾਂ ਡੈਲੀਗੇਟਾਂ ਨੇ ਭਾਗ ਲਿਆ।

ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਚਰਨਜੀਤ ਸਿੰਘ ਭਿੰਡਰ, ਅਸ਼ਵਨੀ ਕੁਮਾਰ ਲੱਖਣ ਕਲਾਂ, ਅਸ਼ੋਕ ਮਹਾਜਨ ਅਤੇ ਗੁਰਮੀਤ ਸਿੰਘ ਬਖਤਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਵਿੱਚ ਮਜ਼ਦੂਰ ਅਤੇ ਕਿਸਾਨ ਮੁੱਖ ਸਹਾਰਾ ਹਨ, ਪਰ ਉਹਨਾਂ ਦੀ ਨਿਜੀ ਆਰਥਿਕਤਾ ਲਗਾਤਾਰ ਕਮਜ਼ੋਰ ਹੋ ਰਹੀ ਹੈ। ਇਸ ਨੂੰ ਮਜ਼ਬੂਤ ਕਰਨ ਲਈ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ।
ਬੁਲਾਰਿਆਂ ਨੇ ਮੌਜੂਦਾ ਹੜ੍ਹਾਂ ਬਾਰੇ ਬੋਲਦਿਆਂ ਕਿਹਾ ਕਿ ਹਰ ਸਾਲ ਦਰਿਆਵਾਂ ਦੀਆਂ ਧੁਸੀਆਂ ਟੁੱਟਣ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਪਰ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕੋਈ ਠੋਸ ਉਪਾਅ ਨਹੀਂ ਕੀਤੇ ਗਏ। ਵਿਕਾਸ ਦੇ ਨਾਮ ’ਤੇ ਖਰਚ ਹੋਣ ਵਾਲਾ ਪੈਸਾ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਂਦਾ ਹੈ, ਜਿਸ ਕਾਰਨ ਕੁਦਰਤੀ ਆਫ਼ਤਾਂ ਤੋਂ ਲੋਕਾਂ ਨੂੰ ਬਚਾਉਣ ਵਿੱਚ ਪ੍ਰਬੰਧ ਨਾਕਾਮ ਰਹੇ ਹਨ।

ਆਗੂਆਂ ਨੇ ਮੰਗ ਕੀਤੀ ਕਿ:
ਹੜ੍ਹ ਕਾਰਨ ਨਸ਼ਟ ਹੋਈ ਝੋਨੇ ਦੀ ਫਸਲ ਲਈ ਸਪੈਸ਼ਲ ਗਰਦੌਰੀ ਕਰਵਾਈ ਜਾਵੇ ਤੇ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਹੜ੍ਹਾਂ ਵਿੱਚ ਜਾਨ ਗਵਾ ਬੈਠੇ ਵਿਅਕਤੀਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਜਿੱਥੇ ਫਸਲਾਂ ਬਰਬਾਦ ਹੋਈਆਂ ਹਨ ਉਥੇ ਹਰ ਮਜ਼ਦੂਰ ਪਰਿਵਾਰ ਨੂੰ 20 ਹਜ਼ਾਰ ਰੁਪਏ ਸਹਾਇਤਾ ਦਿੱਤੀ ਜਾਵੇ। ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਸਪੈਸ਼ਲ ਪੈਕੇਜ ਦਿੱਤਾ ਜਾਵੇ, ਤਾਂ ਜੋ ਪਸ਼ੂਆਂ ਦੀ ਮੌਤ ਅਤੇ ਢਹਿ ਗਏ ਘਰਾਂ ਦਾ ਯੋਗ ਮੁਆਵਜ਼ਾ ਹੋ ਸਕੇ।
ਖੇਤੀ ਨਾਲ ਜੁੜੇ ਧੰਦੇ ਜਿਵੇਂ ਮੱਛੀ ਪਾਲਣ, ਮੁਰਗੀ ਪਾਲਣ ਆਦਿ ਦੇ ਹੋਏ ਨੁਕਸਾਨ ਦੀ ਵੀ ਪੂਰਤੀ ਕੀਤੀ ਜਾਵੇ।

ਇਜਲਾਸ ਦੌਰਾਨ 13 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਵੀ ਕੀਤੀ ਗਈ। ਜਿਸ ਵਿੱਚ ਚਰਨਜੀਤ ਸਿੰਘ ਭਿੰਡਰ ਨੂੰ ਪ੍ਰਧਾਨ, ਜੰਗ ਬਹਾਦਰ ਸਿੰਘ ਨੂੰ ਸੀਨੀਅਰ ਉਪ-ਪ੍ਰਧਾਨ ਅਤੇ ਕਸ਼ਮੀਰ ਸਿੰਘ ਨੂੰ ਸਕੱਤਰ ਚੁਣਿਆ ਗਿਆ।










