ਰਿਪੋਰਟ: ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 31 ਅਗਸਤ
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਰਫ਼ ਪ੍ਰਸ਼ਾਸਨਕ ਅਧਿਕਾਰੀ ਹੀ ਨਹੀਂ, ਸਗੋਂ ਪਟਵਾਰੀ, ਪੰਚਾਇਤ ਸਕੱਤਰ ਅਤੇ ਸਿੱਖਿਆ ਵਿਭਾਗ ਦੇ ਅਧਿਆਪਕ ਵੀ ਰਾਹਤ ਕਾਰਜਾਂ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਡੇਰਾ ਬਾਬਾ ਨਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਫਲੱਡ ਓਪਰੇਸ਼ਨ ਕੈਂਪ ਵਿੱਚ ਇਹ ਸਾਰੇ ਕਰਮਚਾਰੀ ਦਿਨ-ਰਾਤ ਸੇਵਾ ਕਰਦੇ ਨਜ਼ਰ ਆ ਰਹੇ ਹਨ।

ਤਹਿਸੀਲਦਾਰ ਸ. ਲਛਮਣ ਸਿੰਘ ਰੰਧਾਵਾ ਨੇ ਦੱਸਿਆ ਕਿ ਜਦੋਂ ਵੀ ਸਹਾਇਤਾ ਲਈ ਕਾਲ ਪ੍ਰਾਪਤ ਹੁੰਦੀ ਹੈ, ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਕਾਰਵਾਈ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਤਹਿਸੀਲ ਡੇਰਾ ਬਾਬਾ ਨਾਨਕ ਦੇ ਲਗਭਗ 100 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ ਹਨ ਜਿੱਥੇ ਰਾਹਤ ਕਾਰਜ ਜਾਰੀ ਹਨ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਪਰਿਵਾਰਾਂ ਤੱਕ ਖਾਣ-ਪੀਣ ਦਾ ਸਮਾਨ ਅਤੇ ਪਸ਼ੂਆਂ ਲਈ ਚਾਰਾ ਪਹੁੰਚਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਮੈਡੀਕਲ ਸਹਾਇਤਾ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਜੋ ਲੋੜਵੰਦਾਂ ਨੂੰ ਤੁਰੰਤ ਸਿਹਤ ਸਹੂਲਤਾਂ ਪ੍ਰਾਪਤ ਹੋ ਸਕਣ।

ਸ. ਰੰਧਾਵਾ ਨੇ ਕਿਹਾ ਕਿ ਰਾਹਤ ਪਹੁੰਚਾਉਣ ਦਾ ਇਹ ਕਾਰਜ ਨਿਰਵਿਘਨ ਤੌਰ ‘ਤੇ ਜਾਰੀ ਰਹੇਗਾ ਅਤੇ ਕਿਸੇ ਵੀ ਪੀੜ੍ਹਤ ਨੂੰ ਇੱਕਲਾ ਨਹੀਂ ਛੱਡਿਆ ਜਾਵੇਗਾ।











