ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਬਲਾਕ ਨੂੰ ਸਿੱਖਿਆ ‘ਚ ਅੱਗੇ ਲਿਜਾਉਣਾ ਤਰਜੀਹ: ਪਨਿਆੜ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 29 ਅਗਸਤ
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦੇ ਹੁਕਮ ਜਾਰੀ ਹੋਣ ਉਪਰੰਤ ਅੱਜ ਬੀਪੀਈਓ ਸ੍ਰੀ ਨਰੇਸ਼ ਕੁਮਾਰ ਪਨਿਆੜ ਨੇ ਬਲਾਕ ਦੋਰਾਂਗਲਾ ਦੀ ਕਮਾਨ ਸੰਭਾਲ ਲਈ ਹੈ। ਇਸ ਮੌਕੇ ਜ਼ਿਲ੍ਹੇ ਵਿਖੇ ਤਾਇਨਾਤ ਬਾਕੀ ਬੀਪੀਈਓਜ਼, ਸਟਾਫ਼ ਅਤੇ ਮਿਸ਼ਨ ਸਮਰੱਥ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਵੱਲੋਂ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਿਰਪਾਓ ਤੇ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਬੀਪੀਈਓ ਸ੍ਰੀ ਨਰੇਸ਼ ਕੁਮਾਰ ਪਨਿਆੜ ਬਲਾਕ ਪਠਾਨਕੋਟ-2 ਵਿਖੇ ਸੇਵਾਵਾਂ ਨਿਭਾ ਰਹੇ ਸਨ।
ਅੱਜ ਸਵੇਰੇ ਬੀਪੀਈਓ ਸ੍ਰੀ ਨਰੇਸ਼ ਕੁਮਾਰ ਪਨਿਆੜ ਨੇ ਬਲਾਕ ਦੋਰਾਂਗਲਾ ਦੇ ਰੰਗੜਪਿੰਡੀ ਸਥਿਤ ਦਫ਼ਤਰ ਵਿਖੇ ਪੁੱਜੇ ਅਤੇ ਰਸਮੀ ਤੌਰ ‘ਤੇ ਬਲਾਕ ਦਾ ਕਾਰਜਭਾਰ ਸੰਭਾਲਿਆ ਅਤੇ ਦਫ਼ਤਰੀ ਅਮਲੇ ਨਾਲ ਜਾਣ-ਪਛਾਣ ਕੀਤੀ। ਉਨ੍ਹਾਂ ਕਿਹਾ ਕਿ ਬਲਾਕ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਨੂੰ ਤਰਜੀਹ ਦੇਣਗੇ। ਉਨ੍ਹਾਂ ਨੇ ਕਿਹਾ ਦੋਰਾਂਗਲਾ ਸਰਹੱਦੀ ਬਲਾਕ ਹੋਣ ਕਾਰਨ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਅਧਿਆਪਕਾਂ ਦੇ ਸਹਿਯੋਗ ਨਾਲ ਸਿੱਖਿਆ ਖੇਤਰ ਵਿੱਚ ਗੁਣਾਤਮਕ ਸੁਧਾਰ ਕੀਤੇ ਜਾਣਗੇ ਅਤੇ ਸਿੱਖਿਆ ਸੁਧਾਰਾਂ ਲਈ ਚਲਾਏ ਜਾ ਰਹੇ ਪ੍ਰੋਜੈਕਟ ਸਫ਼ਲਤਾ ਨਾਲ ਨੇਪਰੇ ਚਾੜ੍ਹਨਗੇ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਮੁਸਕਲਾਂ ਦੇ ਹੱਲ ਲਈ ਹਮੇਸ਼ਾ ਹਾਜ਼ਰ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਪੀਈਓ ਗੁਰ ਇਕਬਾਲ ਸਿੰਘ, ਬੀਪੀਈਓ ਭਾਰਤ ਭੂਸ਼ਣ, ਬੀਪੀਈਓ ਲਖਵਿੰਦਰ ਸਿੰਘ ਸੇਖੋਂ, ਬੀਪੀਈਓ ਬਲਵਿੰਦਰ ਸਿੰਘ ਗਿੱਲ, ਬੀਪੀਈਓ ਪੰਕਜ ਅਰੋੜਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਆਦਿ ਹਾਜ਼ਰ ਸਨ।
ਇੱਥੇ ਦੱਸਣਾ ਬਣਦਾ ਹੈ ਕਿ ਨਰੇਸ਼ ਪਨਿਆੜ ਵੱਲੋਂ ਲੰਮਾਂ ਸਮਾਂ ਅਧਿਆਪਕਾਂ ਦੇ ਹਿੱਤਾਂ ਲਈ ਕੰਮ ਕੀਤਾ ਗਿਆ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਮੋਢੀ ਸੰਸਥਾਪਕ ਹਨ। ਯੂਨੀਅਨ ਦੀ ਅਗਵਾਈ ਕਰਦਿਆਂ ਅਧਿਆਪਕ ਹਿੱਤਾਂ ਲਈ ਅਨੇਕਾਂ ਘੋਲ ਲੜ ਕੇ ਸਮੱਸਿਆਵਾਂ ਦਾ ਹੱਲ ਕਰਵਾਉਣ ਵਿੱਚ ਸਫ਼ਲ ਹੋਏ ਹਨ।










