ਪੰਜਾਬ-ਜੰਮੂ, ਕਸ਼ਮੀਰ ਨੂੰ ਜੋਡ਼ਨ ਵਾਲਾ ਇੱਕ ਪੁਲ ਟੁੱਟਣ ਕਾਰਨ ਆਵਾਜਾਈ ਹੋਈ ਬੰਦ, ਮਾਧੋਪੁਰ ਹੈਡਵਰਕਸ ਦੇ 4 ਗੇਟ ਤੇ ਇੱਕ ਮੁਲਾਜ਼ਮ ਰੁਡ਼ਿਆ, ਦੋ ਐਕਸੀਅਨਾਂ ਸਣੇ ਫਸੇ 60 ਮੁਲਾਜ਼ਮ ਨੂੰ ਹੈਲੀਕਾਪਟਰਾਂ ਰਾਹੀ ਸੁਰੱਖਿਅਤ ਬਾਹਰ ਕੱਢਿਆ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ/ਪਠਾਨਕੋਟ, 27 ਅਗਸਤ
ਰਣਜੀਤ ਸਾਗਰ ਡੈਮ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਾਰਨ ਪਾਣੀ ਲੰਘੀ ਰਾਤ ਮਾਧੋਪੁਰ ਹੈਡਵਰਕਸ ਦੀ ਇਮਾਰਤ ਵਿੱਚ ਦਾਖਲ ਹੋ ਗਿਆ ਅਤੇ ਉਥੋਂ ਨਿਕਲਦੀ ਯੂਬੀਡੀਸੀ ਹਾਈਡਲ ਨਹਿਰ ਓਵਰਫਲੋਅ ਹੋ ਕੇ ਸੁਜਾਨਪੁਰ ਕੋਲ ਅੱਤੇਪੁਰ, ਬੇਹੜੀਆਂ ਬਜ਼ੁਰਗ ਅਤੇ ਸੁਜਾਨਪੁਰ ਦੇ ਪੁਲ ਨੰਬਰ-4 ਕੋਲ ਚੁਫੇਰੇ ਪਾਣੀ ਹੀ ਪਾਣੀ ਫੈਲ ਗਿਆ।
ਸੁਜਾਨਪੁਰ ਦੀ ਜੰਮੂ-ਜਲੰਧਰ ਨੈਸ਼ਨਲ ਹਾਈਵੇਅ ਪਾਣੀ ਵਿੱਚ ਡੁੱਬਣ ਕਾਰਨ ਟਰੈਫਿਕ ਵੀ ਪ੍ਰਭਾਵਿਤ ਹੋਇਆ।ਪਿੰਡਾਂ ਵਿੱਚ ਪਾਣੀ ਦਾਖਲ ਹੋ ਜਾਣ ਦੀ ਵਜ੍ਹਾ ਕਾਰਨ ਲੋਕਾਂ ਰਾਤ ਛੱਤਾਂ ਉਪਰ ਲੰਘਾਈ। ਅੱਜ ਸਵੇਰੇ ਐਨਡੀਆਰਐਫ ਦੀਆਂ ਟੀਮਾਂ ਨੇ 150 ਤੋਂ ਵੱਧ ਲੋਕਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਇਨ੍ਹਾਂ ਵਿੱਚ ਇੱਕ ਗਰਭਵਤੀ ਔਰਤ ਸੀ, ਜਿਸ ਨੂੰ ਸਟਰੈਚਰ ਤੇ ਪਾ ਕੇ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਪਹੁੰਚਾਇਆ। ਇਸੇ ਤਰ੍ਹਾਂ 3 ਬੱਚੇ ਵੀ ਜੋ ਅੰਨ੍ਹੇਪਣ ਦਾ ਸ਼ਿਕਾਰ ਸਨ, ਨੂੰ ਵੀ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪਿੰਡ ਅੱਤੇਪੁਰ ਦਾ ਇੱਕ ਲੜਕਾ ਜਗਤਾਰ ਸਿੰਘ ਪਾਣੀ ਵਿੱਚ ਰੁੜ੍ਹ ਗਿਆ।
ਇਸ ਦੇ ਇਲਾਵਾ ਨਹਿਰ ਵਿੱਚ ਵੀ 40 ਫੁੱਟ ਦਾ ਪਾੜ ਪੈ ਗਿਆ ਅਤੇ ਪਾਣੀ ਗੁਲਪੁਰ ਸਿੰਬਲੀ ਤੇ ਸੁਕਾਲਗੜ੍ਹ ਪਿੰਡਾਂ ਵਿੱਚ ਵੀ ਦਾਖਲ ਹੋ ਗਿਆ। ਜਿਸ ਕਰਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢ ਕੇ ਬੱਸਾਂ ਰਾਹੀਂ ਬਾਰਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਬਣਾਏ ਗਏ ਰਾਹਤ ਕੈਂਪ ਵਿੱਚ ਪਹੁੰਚਾਇਆ
ਮਾਧੋਪੁਰ ਵਿਖੇ ਰਣਜੀਤ ਸਾਗਰ ਡੈਮ ਤੋਂ ਆ ਰਹੇ ਪਾਣੀ ਨੇ ਜੰਮੂ-ਕਸ਼ਮੀਰ ਵਾਲੇ ਪਾਸੇ ਕਸ਼ਮੀਰ ਕਨਾਲ ਵਿੱਚ ਪਾਣੀ ਓਵਰਫਲੋਅ ਹੋ ਜਾਣ ਨਾਲ ਉਥੇ ਪੰਜਾਬ-ਜੰਮੂ, ਕਸ਼ਮੀਰ ਨੂੰ ਲਿੰਕ ਕਰਨ ਵਾਲੇ ਸੜਕੀ ਪੁਲ ਨੂੰ ਖੋਰਾ ਲਗਾ ਦਿੱਤਾ ਤੇ ਰਾਤ 1 ਵਜੇ ਦੇ ਕਰੀਬ ਪੁਲ ਦਾ ਇੱਕ ਹਿੱਸਾ ਬੈਠ ਗਿਆ, ਜਿਸ ਕਾਰਨ ਇਸ ਤੋਂਟਰੈਫਿਕ ਤੁਰੰਤ ਬੰਦ ਕਰ ਦਿੱਤਾ ਗਿਆ। ਪਾਣੀ ਦੀ ਇਸ ਤਬਾਹੀ ਨਾਲ ਉਥੇ ਜੰਮੂ-ਕਸ਼ਮੀਰ ਵਾਲੇ ਪਾਸੇ ਪੁਲ ਕੋਲ ਸੀਆਰਪੀਐਫ ਦੇ 22 ਜਵਾਨ ਤੇ 3 ਹੋਰ ਵਿਅਕਤੀ ਰਿਹਾਇਸ਼ੀ ਕੈਂਪ ਵਿੱਚ ਫਸ ਗਏ ਤੇ ਉਨ੍ਹਾਂ ਰਾਤ ਛੱਤਾਂ ਤੇ ਕੱਟੀ। ਅੱਜ ਤੜ੍ਹਕੇ 5 ਵਜੇ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ। ਜਦ ਕਿ ਕੈਂਪ ਦੀ ਬਿਲਡਿੰਗ ਵੀ ਪਾਣੀ ਨਾਲ ਕਾਫੀ ਢਹਿ ਗਈ।
ਇਸੇ ਤਰ੍ਹਾਂ ਅੱਜ 2 ਵਜੇ ਦੇ ਕਰੀਬ ਮਾਧੋਪੁਰ ਹੈਡਵਰਕਸ ਦੇ 2 ਗੇਟ ਟੁੱਟ ਗਏ ਅਤੇ ਉਥੇ ਗੇਟਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਚਾਰਜਮੈਨ ਵਿਨੋਦ ਕੁਮਾਰ ਪਾਣੀ ਵਿੱਚ ਡਿੱਗਣ ਕਾਰਨ ਰੁੜ੍ਹ ਗਿਆ। ਉਸ ਦੇ ਅੱਧੇ ਘੰਟੇ ਬਾਅਦ ਹੀ 2 ਹੋਰ ਗੇਟ ਵਾਰੀ-ਵਾਰੀ ਟੁੱਟ ਕੇ ਰੁੜ੍ਹ ਗਏ। ਇਸ ਮੌਕੇ ਗੇਟ ਟੁੱਟਣ ਕਾਰਨ 2 ਐਕਸੀਅਨ 60 ਮੁਲਾਜ਼ਮ ਸਮੇਤ ਦੂਜੇ ਪਾਸੇ ਫਸ ਗਏ ਜਿਨ੍ਹਾਂ ਨੂੰ ਆਰਮੀ ਦੇ 2 ਹੈਲੀਕਾਪਟਰਾਂ ਰਾਹੀਂ ਸ਼ਾਮ ਨੂੰ 4 ਵਜੇ ਸੁਰੱਖਿਅਤ ਬਾਹਰ ਕੱਢਿਆ ਗਿਆ।

ਗੇਟ ਟੁੱਟਣ ਦੀ ਸੂਚਨਾ ਮਿਲਦੇ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਵਧੀਕ ਡੀਸੀ ਹਰਦੀਪ ਸਿੰਘ ਅਤੇ ਹੋਰ ਅਧਿਕਾਰੀ ਮੌਕੇ ਉਪਰ ਪੁੱਜ ਗਏ ਤੇ ਉਨ੍ਹਾਂ ਫਸ ਗਏ ਮੁਲਾਜ਼ਮਾਂ ਨੂੰ ਬਾਹਰ ਕੱਢਣ ਲਈ ਏਅਰਫੋਰਸ ਕੋਲੋਂ ਹੈਲੀਕਾਪਟਰ ਮੰਗਵਾਏ। ਜੰਮੂ-ਕਸ਼ਮੀਰ ਨੂੰ ਪੰਜਾਬ ਨਾਲ ਜੋੜਨ ਵਾਲਾ ਪੁਲ ਬੰਦ ਕਰ ਦੇਣ ਨਾਲ ਜੰਮੂ ਨੂੰ ਜਾਣ ਵਾਲੇ ਰਸਦ ਤੇ ਹੋਰ ਸਮਾਨ ਨਾਲ ਭਰੇ ਟਰੱਕ ਸਾਰਾ ਦਿਨ ਮਾਧੋਪੁਰ ਵਿਖੇ ਖੜ੍ਹੇ ਰਹੇ ਅਤੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ।










