ਗੁਰਦਾਸਪੁਰ ਸਮੇਤ ਨੌਂ ਜ਼ਿਲ੍ਹਿਆਂ ਨੂੰ ਰੈੱਡ ਐਲਰਟ ‘ਚ ਰੱਖਿਆ
ਲੋਕਾਂ ਨੂੰ ਬਿਜਲੀ ਦੀਆਂ ਤਾਰਾਂ, ਦਰੱਖਤਾਂ ਹੇਠਾਂ ਨਾ ਖੜ੍ਹਣ ਅਤੇ ਬੇਲੋੜੇ ਸਫ਼ਰ ਤੋਂ ਬਚਣ ਦੀ ਅਪੀਲ
ਰੋਜ਼ਾਨਾ ਖ਼ਬਰ
ਚੰਡੀਗੜ੍ਹ, 25 ਅਗਸਤ
ਮੌਸਮ ਵਿਭਾਗ ਨੇ ਪੰਜਾਬ ਲਈ ਅੱਜ 25 ਅਗਸਤ ਨੂੰ ਵੱਡਾ ਮੌਸਮੀ ਐਲਰਟ ਜਾਰੀ ਕੀਤਾ ਹੋਇਆ ਹੈ। ਪੰਜਾਬ ਦੇ ਗੁਰਦਾਸਪੁਰ ਸਮੇਤ ਨੌਂ ਜ਼ਿਲ੍ਹਿਆਂ ਨੂੰ ਰੈੱਡ ਐਲਰਟ ‘ਤੇ ਰੱਖਿਆ ਹੋਇਆ ਹੈ। ਅੱਜ ਦੇ ਮੌਸਮ ਬਾਰੇ ਪਹਿਲਾਂ ਹੀ ਚਿਤਾਵਨੀ ਸੀ ਕਿ ਪੰਜਾਬ ਦੇ ਨੌਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਤੇ ਗਰਜ-ਚਮਕ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਵੱਲੋਂ 25 ਅਗਸਤ ਨੂੰ ਰੈੱਡ ਐਲਰਟ ‘ਤੇ ਰੱਖੇ ਗਏ ਜ਼ਿਲ੍ਹੇ (25 ਅਗਸਤ)
ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੋਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ ਅਤੇ ਫਿਰੋਜ਼ਪੁਰ। ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਕੁਝ ਜ਼ਿਲ੍ਹਿਆਂ ਨੂੰ ਸੰਤਰੀ ਤੇ ਪੀਲੀ ਚੇਤਾਵਨੀ ਵਿੱਚ ਵੀ ਰੱਖਿਆ ਹੈ।
ਇਸੇ ਤਰ੍ਹਾਂ 26 ਅਗਸਤ ਨੂੰ ਪੰਜਾਬ ਦੇ ਵੱਡੇ ਹਿੱਸੇ ਵਿੱਚ ਭਾਰੀ ਮੀਂਹ ਦੀਆਂ ਸੰਭਾਵਨਾਵਾਂ, ਸੰਤਰੀ ਤੇ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। 27 ਅਗਸਤ ਨੂੰ ਸਿਰਫ਼ ਗੁਰਦਾਸਪੁਰ ਤੇ ਪਠਾਨਕੋਟ ‘ਚ ਹਲਕੀ ਚੇਤਾਵਨੀ ਹੈ। 28 ਅਗਸਤ ਨੂੰ ਪੰਜਾਬ ਲਈ ਸੁਖਦ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਮੌਸਮ ਸਧਾਰਣ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। 29 ਅਗਸਤ ਨੂੰ ਮੁੜ ਗੁਰਦਾਸਪੁਰ, ਪਠਾਨਕੋਟ, ਹੋਸ਼ਿਆਰਪੁਰ ਤੇ ਨਵਾਂਸ਼ਹਿਰ ਵਿੱਚ ਹਲਕਾ ਖ਼ਤਰਾ (ਪੀਲੀ ਚੇਤਾਵਨੀ) ਹੈ।
ਅਜਿਹੀ ਸਥਿਤੀ ਦੇ ਮੱਦੇਨਜ਼ਰ ਪ੍ਰਸ਼ਾਸਨ ਤੇ ਲੋਕਾਂ ਲਈ ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਜ ਤੇ ਕੱਲ੍ਹ ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ ‘ਚ ਪਾਣੀ ਇਕੱਠਾ ਹੋ ਸਕਦਾ ਹੈ, ਦਰਿਆ-ਨਾਲਿਆਂ ਦਾ ਪਾਣੀ ਵਧ ਸਕਦਾ ਹੈ, ਖੇਤੀਬਾੜੀ ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।
ਲੋਕਾਂ ਨੂੰ ਬਿਜਲੀ ਦੀਆਂ ਤਾਰਾਂ, ਦਰੱਖਤਾਂ ਹੇਠਾਂ ਨਾ ਖੜ੍ਹਣ ਅਤੇ ਬੇਲੋੜੇ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।











