Share & like

ਰਾਵੀ ਨੇੜੇ ਪੈਂਦੇ ਪਿੰਡਾਂ ਦੇ ਲੋਕ ਸੰਭਾਵਿਤ ਹੜਾਂ ਦੇ ਖ਼ਤਰੇ ਨੂੰ ਲੈਣ ਕੇ ਖੌਫ਼ਜ਼ਦਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਸੁਰੱਖਿਆ ਲਈ ਦਰਿਆਵਾਂ ਦੇ ਕੰਢੇ ਤੋਂ ਦੂਰੀ ਬਣਾ ਕੇ ਰੱਖਣ ਦੀ ਹਦਾਇਤ

ਪੌਗ ਡੈਮ ਤੋਂ 19 ਅਗਸਤ ਨੂੰ 75000 ਕਿਊਸਿਕ ਪਾਣੀ ਛੱਡਣ ਦੀ ਐਡਵਾਈਜ਼ਰੀ ਜਾਰੀ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ

ਗੁਰਦਾਸਪੁਰ/ਮਕੌੜਾ/ਅੰਮ੍ਰਿਤਸਰ, 18 ਅਗਸਤ
ਪਹਾੜਾਂ ਵਿੱਚ ਭਾਰੀ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਓਵਰਫਲੋ ਵਹਿ ਰਹੇ ਹਨ। ਇਲਾਕੇ ਅੰਦਰ ਲੰਘਦੇ ਦਰਿਆ ਰਾਵੀ ਅੰਦਰ ਪਾਣੀ ਦਾ ਵਹਾਅ ਤੇਜ਼ ਤੇ ਪੱਧਰ ਵੱਧਣ ਗਿਆ ਹੈ। ਅਜਿਹੀ ਸਥਿਤੀ ਵਿਚ ਦਰਿਆ ਕੰਢੇ ਵੱਸੇ ਲੋਕਾਂ ਨੂੰ ਸੰਭਾਵਿਤ ਹੜਾਂ ਦਾ ਖ਼ਤਰਾ ਸਤਾਉਣ ਲੱਗਾ ਹੈ ਅਤੇ ਲੋਕ ਭੈਭੀਤ ਹਨ।
ਅੱਜ ਮੁੜ ਇਲਾਕੇ ਅੰਦਰ ਦੁਪਹਿਰ ਬਾਅਦ ਇੱਕ ਘੰਟੇ ਵੱਧ ਸਮਾਂ ਲਗਾਤਾਰ ਹੋਈ ਮੂਸਲਾਧਾਰ ਬਾਰਸ਼ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਮਕੌੜਾ ਪੱਤਣ ‘ਤੇ ਪਾਰਲੇ ਪਿੰਡਾਂ ਦਾ ਸੰਪਰਕ ਇਧਰ ਨਾਲੋਂ ਟੁੱਟ ਗਿਆ ਹੈ ਅਤੇ ਪਾਰਲੇ ਪਿੰਡ ਟਾਪੂ ਵਿਚ ਤਬਦੀਲ ਹੋ ਗਏ ਹਨ। ਪਾਰ ਜਾਣ ਲਈ ਇੱਕ ਮਾਤਰ ਸਹਾਰਾ ਬੇੜੀ ਪੈਣੀ ਬੰਦ ਹੋ ਗਈ ਹੈ। ਅਜਿਹੇ ਵਿਚ ਲੋਕ ਪ੍ਰਸ਼ਾਸ਼ਨ ਤੋਂ ਮੋਟਰ ਬੋਟ ਦੀ ਮੰਗ ਕਰ ਰਹੇ ਹਨ।

ਫੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੌਰਾ ਕਰਦੇ।


ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਲਾਕੇ ਅੰਦਰ ਪੈਂਦੇ ਰਾਵੀ ਦਰਿਆ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਇਸ ਵੇਲੇ ਲਗਭਗ 1.4 ਲੱਖ ਕਿਊਸਿਕ ਪਾਣੀ ਚੱਲ ਰਿਹਾ ਹੈ, ਪਰ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਇਸ ਦੇ ਬਾਵਜੂਦ ਕੁਝ ਪਿੰਡਾਂ ਵਿੱਚ ਐਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਝ ਦਰਿਆ ਵਿੱਚ ਵਾਧੂ ਪਾਣੀ ਛੱਡੇ ਜਾਣ ਤੋਂ ਬਾਅਦ ਉਸ ਦਾ ਪ੍ਰਭਾਵ ਅਜ ਅਜਨਾਲਾ ਤੇ ਰਮਦਾਸ ਬਲਾਕ ਦੇ ਕੁੱਝ ਪਿੰਡਾਂ ਵਿੱਚ ਨਜ਼ਰ ਆ ਰਿਹਾ। ਉਨ੍ਹਾਂ ਕਿਹਾ ਕਿ ਅਹਿਤਿਆਤ ਵੱਜੋਂ ਦੋ ਦਿਨ ਲਈ ਐਲਰਟ ਜਾਰੀ ਕਰ ਦਿੱਤਾ ਹੈ। ਰੋਜ਼ਾਨਾ ਖ਼ਬਰ ਦੇ ਪੱਤਰਕਾਰ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਵਿੱਚ ਵਹਿੰਦਾ ਜਲਾਲੀਆ ਦਰਿਆ ਵੀ ਉਫਾਨ ਉੱਪਰ ਹੈ ਜਿਸ ਨਾਲ ਬੁਮਿਆਲ, ਅਨਿਆਲ, ਮਸਤਪੁਰ ਅਤੇ ਮੁੱਠੀ ਪਿੰਡ ਪਾਣੀ ਦੀ ਚਪੇਟ ਵਿੱਚ ਹਨ।

ਫੋਟੋ ਕੈਪਸ਼ਨ: ਮਕੌੜਾ ਪੱਤਣ ਉੱਤੇ ਦਰਿਆ ਪੂਰੈ ਉਫਾਨ ‘ਤੇ ਨਜ਼ਰ ਆ ਰਿਹਾ।

ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਵਿੱਚ ਪਾਣੀ ਛੱਡਣ ਕਾਰਨ ਪੱਧਰ ਵਧ ਹੋ ਗਿਆ ਹੈ। ਜਿਸ ਕਾਰਨ ਪ੍ਰਸ਼ਾਸਨ ਵੱਲੋਂ ਕੁੱਝ ਪਿੰਡਾਂ ਦੀ ਸ਼ਨਾਖਤ ਕਰਦਿਆਂ ਅਲਰਟ ’ਤੇ ਰੱਖਿਆ ਗਿਆ ਹੈ। ਬੀਤੀ ਰਾਤ ਤੋਂ ਹੀ ਇਥੇ ਟੀਮ ਤਾਇਨਾਤ ਕੀਤੀ ਹੋਈ ਹੈ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਰਿਆ ਦੇ ਕੁੱਝ ਕਮਜ਼ੋਰ ਕੰਢਿਆਂ ਦੀ ਮਜ਼ਬੂਤੀ ਲਈ ਕੰਮ ਚੱਲ ਰਿਹਾ ਹੈ। 
ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜਨਤਕ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ ਕਿ ਰਾਵੀ ਅਤੇ ਉਝ ਦਰਿਆ ਵਿੱਚ ਲਗਭਗ 1 ਲੱਖ 50 ਹਜਾਰ ਕਿਊਸਿਕ ਪਾਣੀ ਦੇ ਵਹਾਅ ਦੀ ਸੰਭਾਵਨਾ ਹੈ, ਕਿਉਂਕਿ ਜੰਮੂ (ਕਠੂਆ) ਖੇਤਰ ਦੇ ਜਿਆਦਾਤਰ ਨਾਲੇ ਅਤੇ ਚੋਅ ਆਪਣੀ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ। ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵਧਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਆਪਣੀ ਸੁਰੱਖਿਆ ਲਈ ਦਰਿਆਵਾਂ ਦੇ ਕੰਢੇ ਤੋਂ ਘੱਟੋ-ਘੱਟ 200 ਮੀਟਰ ਦੀ ਦੂਰੀ ਬਣਾ ਕੇ ਰੱਖਣ।

ਪੌਗ ਡੈਮ ਤੋਂ 19 ਅਗਸਤ ਨੂੰ 75000 ਕਿਊਸਿਕ ਪਾਣੀ ਛੱਡਣ ਦੀ ਐਡਵਾਈਜ਼ਰੀ ਜਾਰੀ

ਪੌਂਗ ਡੈਮ ਪ੍ਰਸਾਸ਼ਨ ਨੇ 19 ਅਗਸਤ ਨੂੰ ਸਵੇਰ 6 ਵਜੇ ਤੋਂ ਪਹਿਲਾਂ ਚੱਲ ਰਹੇ ਪਾਣੀ ਵਿੱਚ 6000 ਕਿਊਸਿਕ ਪਾਣੀ ਦਾ ਵਾਧਾ ਕਰਕੇ ਵੱਧ ਤੋਂ ਵੱਧ 75000 ਕਿਊਸਿਕ ਪਾਣੀ ਛੱਡਣ ਬਾਰੇ ਅਗਾਉਂ ਸੂਚਨਾ ਜਾਰੀ ਕੀਤੀ ਹੈ। ਇਹ ਜਾਣਕਾਰੀ ਬੀਬੀਐਮਬੀ ਦੇ ਵਧੀਕ ਨਿਗਰਾਨ ਇੰਜੀਨੀਅਰ ਵਾਟਰ ਰੈਗੂਲੇਸ਼ਨ ਸੈਲ ਤਲਵਾੜਾ ਵਲੋਂ ਪੱਤਰ ਜਾਰੀ ਕਰਕੇ ਸਾਂਝੀ ਕੀਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਪੌਂਗ ਡੈਮ ਵਿੱਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਵਾਧੂ ਪਾਣੀ ਅੱਗੇ ਛੱਡਣਾ ਪੈ ਰਿਹਾ ਹੈ। ਇਹ ਪਾਣੀ ਲਗਾਤਾਰ ਇੱਕ ਸਮਰੱਥਾ ਅਨੁਸਾਰ ਵਧਾਇਆ ਜਾਵੇਗਾ ਅਤੇ ਵੱਧ ਤੋਂ ਵੱਧ 75000 ਕਿਊਂਸਿਕ ਪਾਣੀ ਪੌਂਗ ਡੈਮ ਤੋਂ ਹੇਠਾਂ ਛੱਡਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੌਂਗ ਡੈਮ ਤੋਂ ਪਹਿਲਾਂ ਛੱਡੇ ਜਾ ਰਹੇ ਪਾਣੀ ਵਿੱਚ 20 ਅਗਸਤ ਨੂੰ ਸਵੇਰੇ 6 ਵਜੇ 6000 ਕਿਊਸਿਕ ਪਾਣੀ ਵਧਾ ਦਿੱਤਾ ਜਾਵੇਗਾ ਅਤੇ ਹਰ 12 ਘੰਟੇ ਬਾਅਦ 6000 ਕਿਊਸਿਕ ਪਾਣੀ ਦਾ ਵਾਧਾ ਲਗਾਤਾਰ ਕੀਤਾ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੌਂਗ ਡੈਮ ਤੋਂ 75000 ਕਿਊਸਿਕ ਤੋਂ ਵੱਧ ਪਾਣੀ ਨਹੀਂ ਛੱਡਿਆ ਜਾਵੇਗਾ ਅਤੇ ਪਾਣੀ ਦੀ ਮਾਤਰਾ ਵੀ ਇੱਕ ਸਮਰੱਥਾ ਅਨੁਸਾਰ ਲਗਾਤਾਰ ਵਧਾਈ ਜਾਵੇਗੀ।
ਦੱਸਣਯੋਗ ਹੈ ਕਿ ਅੱਜ ਦੇ ਅੰਕੜਿਆਂ ਅਨੁਸਾਰ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1382.72 ਫੁੱਟ ਹੈ ਅਤੇ ਪਿੱਛੇ ਤੋਂ ਪਾਣੀ ਦੀ ਆਮਦ 88238 ਕਿਊਸਿਕ ਹੈ। ਜਦੋਂ ਕਿ ਪੌਂਗ ਡੈਮ ਤੋਂ 59881 ਕਿਊਸਿਕ ਪਾਣੀ ਅੱਗੇ
ਛੱਡਿਆ ਜਾ ਰਿਹਾ ਹੈ।


Share & like

Leave a Reply