ਦਰਿਆ ਰਾਵੀ ਵਿੱਚ 150000 ਕਿਊਸਿਕ ਪਾਣੀ ਛੱਡਿਆ ਗਿਆ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੋਣ ਦਾ ਦਾਅਵਾ
ਜ਼ਿਲ੍ਹਾ ਪ੍ਰਸ਼ਾਸਨ ਨੇ ਉੱਜ ਅਤੇ ਰਾਵੀ ਦਰਿਆ ਨੇੜ੍ਹੇ ਰਹਿੰਦੀ ਵਸੋਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ
ਐੱਸਐੱਸਪੀ, ਏਡੀਸੀ ਤੇ ਐੱਸਡੀਐੱਮ ਵੱਲੋਂ ਮਕੌੜਾ ਪੱਤਣ ਦਾ ਦੌਰਾ
ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਬਹਿਰਾਮਪੁਰ/ਗੁਰਦਾਸਪੁਰ, 17 ਅਗਸਤ
ਪਹਾੜੀ ਖੇਤਰਾਂ ‘ਚ ਲਗਾਤਾਰ ਭਾਰੀ ਬਾਰਸ਼ ਕਾਰਨ ਇਲਾਕੇ ਅੰਦਰ ਪੈਂਦੇ ਦਰਿਆ ਰਾਵੀ ਅਤੇ ਉਂਜ ਅੰਦਰ ਪਾਣੀ ਦਾ ਪੱਧਰ ਵੱਧਣ ਕਾਰਨ ਦਰਿਆ ਕੰਢੇ ਵੱਸੇ ਪਿੰਡਾਂ ਦੇ ਲੋਕ ਸਹਿਮ ਗਏ ਹਨ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਹੈ।

ਅੱਜ ਸਵੇਰੇ ਇਲਾਕੇ ਅੰਦਰ ਲਗਾਤਾਰ ਮੂਸਲਾਧਾਰ ਬਾਰਸ਼ ਅਤੇ ਉੱਜ ਦਰਿਆ ਅਤੇ ਰਣਜੀਤ ਸਾਗਰ ਡੈਮ ‘ਚੋਂ 150000 ਕਿਊਸਿਕ ਪਾਣੀ ਦਰਿਆ ਰਾਵੀ ਵਿੱਚ ਛੱਡਣ ਤੋਂ ਬਾਅਦ ਰਾਵੀ ਦਰਿਆ ਓਵਰ ਫਲੋਅ ਹੋਣ ਕਾਰਨ ਪਾਣੀ ਇਲਾਕੇ ਦੇ ਅੰਦਰ ਤੱਕ ਪੁੱਜ ਗਿਆ ਸੀ। ਜਾਣਕਾਰੀ ਅਨੁਸਾਰ ਅੱਜ ਬਰਸਾਤ ਦੇ ਇਸ ਸੀਜ਼ਨ ਦੌਰਾਨ ਰਾਵੀ ਦਰਿਆ ਵਿੱਚ ਛੱਡਿਆ ਜਾਣ ਵਾਲਾ ਪਾਣੀ ਦਾ ਸਭ ਤੋਂ ਵੱਧ ਪੱਧਰ ਸੀ।

ਗੌਰਤਲਬ ਹੈ ਕਿ ਮਕੌੜਾ ਪਤਨ ਨੇੜੇ ਰਹਿੰਦੇ ਪਿੰਡਾਂ ਦੇ ਲੋਕ ਪਹਿਲਾਂ ਵੀ ਕਈ ਵਾਰ ਹੜਾਂ ਦੀ ਮਾਰ ਚਲ ਚੁੱਕੇ ਹਨ। ਜਿਸ ਨੂੰ ਯਾਦ ਕਰਕੇ ਇਲਾਕੇ ਦੇ ਲੋਕ ਅੱਜ ਵੀ ਸਹਿਮ ਜਾਂਦੇ ਹਨ। ਇਸੇ ਦੌਰਾਨ ਹੀ ਅੱਜ ਦੁਪਹਿਰੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ ਭੁੱਲਰ ਵੱਲੋਂ ਮਕੌੜਾ ਪੱਤਣ ਵਿਖੇ ਪਹੁੰਚ ਕੇ ਦਰਿਆ ਰਾਵੀ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਐੱਸ.ਐੱਸ.ਪੀ. ਗੁਰਦਾਸਪੁਰ ਨੇ ਕਿਹਾ ਹੈ ਕਿ ਦਰਿਆ ਰਾਵੀ ਵਿੱਚ ਪਾਣੀ ਦਾ ਜ਼ਿਆਦਾ ਵਹਾਅ ਦਿਨੇ ਲੰਘ ਚੁੱਕਾ ਹੈ ਅਤੇ ਸ਼ਾਮ ਤੱਕ ਪਾਣੀ ਦਾ ਪੱਧਰ ਘੱਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਦਰਿਆਵਾਂ ਦੇ ਨੇੜੇ ਰਹਿੰਦੇ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ ਸਵੇਰੇ ਜਿਉਂ ਹੀ ਦਰਿਆ ਰਾਵੀ ਵਿੱਚ 150000 ਕਿਊਸਿਕ ਪਾਣੀ ਛੱਡਣ ਦੀ ਸੂਚਨਾ ਮਿਲੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਦਰਿਆ ਉੱਜ ਤੇ ਦਰਿਆ ਰਾਵੀ ਕਿਨਾਰੇ ਦੀ ਵਸੋਂ ਨੂੰ ਦਰਿਆ ਤੋਂ ਦੂਰ ਸੁਰੱਖਿਅਤ ਥਾਵਾਂ ਉੱਪਰ ਜਾਣ ਲਈ ਅਲਰਟ ਜਾਰੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸੰਭਾਵੀ ਹੜ੍ਹਾਂ ਵਾਲੇ ਖੇਤਰਾਂ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਸਨ ਅਤੇ ਫਲੱਡ ਪਲਾਨ ਅਨੁਸਾਰ ਨਿਰਧਾਰਿਤ ਥਾਵਾਂ ਉੱਪਰ ਬਣਾਏ ਜਾਣ ਵਾਲੇ ਰਾਹਤ ਕੈਂਪਾਂ ਨੂੰ ਐਕਟੀਵੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਮ ਤੱਕ ਦਰਿਆ ਰਾਵੀ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ ਅਤੇ ਸਾਰੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ।

ਡਿਪਟੀ ਕਮਿਸ਼ਨਰ ਨੇ ਦਰਿਆ ਉੱਜ ਅਤੇ ਰਾਵੀ ਦੇ ਨੇੜੇ ਰਹਿੰਦੀ ਵਸੋਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਉਹ ਉੱਜ ਤੇ ਰਾਵੀ ਦਰਿਆ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਘੱਟੋ-ਘੱਟ 200 ਮੀਟਰ ਦੂਰ ਰਹਿਣ ਅਤੇ ਨਾਲ ਹੀ ਆਪਣੇ ਜਾਨਵਰਾਂ ਆਦਿ ਨੂੰ ਸੁਰੱਖਿਅਤ ਥਾਵਾਂ `ਤੇ ਲੈ ਜਾਣ। ਉਨ੍ਹਾਂ ਕਿਹਾ ਕਿ ਪਹਾੜਾਂ ਵਿੱਚ ਹੋ ਰਹੀ ਬਾਰਸ਼ ਕਾਰਨ ਕਿਸੇ ਸਮੇਂ ਵੀ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਵਰਗੀ ਸਥਿਤੀ ਦੀ ਜਾਣਕਾਰੀ ਜਾਂ ਕਿਸੇ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਟੋਲ ਫ਼ਰੀ ਨੰਬਰ 1800-180-1852 ਜਾਂ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।

ਫੋਟੋ ਕੈਪਸਨ: ਅਧਿਕਾਰੀ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਦੇ।










