ਕਰਜ਼ ਕੋਈ ਕਿੰਝ ਉਤਾਰੇ ਕੁੜੀਆਂ, ਧੀਆਂ ਤੇ ਭੈਣਾਂ ਦੇ
ਰਚਨਾ: ਭੁਪਿੰਦਰ ਦੀਨਾਨਗਰ……✍️
ਮੋਹ ਦੀਆਂ ਤੰਦਾਂ ਪਾ ਕੇ ਰੱਖਣ ਤੇ ਰੱਬ ਦੀ ਰਹਿਮਤ ਹੁੰਦੀਆ ਨੇ,
ਧੀਆਂ ਭੈਣਾਂ ਤਾਂ ਗ਼ਜ਼ਲ,ਗੀਤ,ਰੁਬਾਈ ਅਤੇ ਕਵਿਤਾਵਾਂ ਹੁੰਦੀਆਂ ਨੇ।
ਕਰਜ਼ ਕੋਈ ਕਿੰਝ ਉਤਾਰੇ ਕੁੜੀਆਂ, ਧੀਆਂ ਤੇ ਭੈਣਾਂ ਦੇ,
ਰੱਬ ਦਾ ਰੂਪ ਸਾਡੀਆਂ ਧੀਆਂ ਤੇ ਮਾਵਾਂ ਹੁੰਦੀਆਂ ਨੇ।
ਉਮਰਾਂ ਦੇ ਲਾਂਘੇ ਕਰ ਦਿੰਦੀਆਂ ਨੇ ਸਭ ਪੂਰੀਆਂ,
ਜੇਕਰ ਨਾਲ ਸਾਡੇ ਮਾਂ ਬਾਪ ਭੈਣਾਂ ਦੀਆਂ ਦੁਆਵਾਂ ਹੁੰਦੀਆਂ ਨੇ।
ਘਰ ਵਿੱਚ ਸੁੱਖ ਸ਼ਾਂਤੀ ਹੁੰਦੀ ਸਾਡੇ,ਹੁੰਦਾ ਭਲਾ ਏ ਸਭ ਦਾ,
ਮਾਂ ਬਾਪ ਤਾਂ ਟਾਹਲੀ,ਤੂਤਾਂ ਤੇ ਬੋਹੜਾਂ ਦੀਆਂ ਠੰਡੀਆਂ ਛਾਵਾਂ ਹੁੰਦੀਆਂ ਨੇ।
ਦੋ ਧਾਗੇ ਬਣ ਕੇ ਦਿਨ ਰੱਖੜੀ ਦੇ ਰੱਖਣ ਜਿੰਦਾ ਪਵਿੱਤਰ ਰਿਸ਼ਤੇ ਨੂੰ,
ਭੈਣ ਭਰਾ ਦੇ ਰਿਸ਼ਤੇ ਸੁੱਖ ਮੰਗਦੇ ਦੂਰ ਸਭ ਬਲਾਵਾਂ ਹੁੰਦੀਆਂ ਨੇ।
ਪਿਆਰ ਦੇ ਰਿਸ਼ਤੇ ਬੜੇ ਗਹਿਰੇ,ਲੋਭ ਲਾਲਚ ਨਾ ਕਿਤੇ ਸਮਝਣਾ,
ਵੀਰਾਂ ਦਾ ਉਹ ਸਦਾ ਸੁੱਖ ਮੰਗਦੀਆਂ ਵਿੱਚ ਲੱਖ ਦੁਆਵਾਂ ਹੁੰਦੀਆਂ ਨੇ,
ਨਾ ਖਿਝਿਆ ਕਰੋ,ਝਿੜਕਿਆ ਕਰੋ ਧੀਆਂ ਧਿਆਣੀਆਂ ਨੂੰ,
ਬਾਪ ਦਾ ਛਾਇਆ ਮਾਪਿਆਂ ਦੇ ਘਰ ਲੱਭਦੀਆਂ ਵਿੱਚ ਭਰਾਵਾਂ ਹੁੰਦੀਆਂ ਨੇ।
ਬੜਾ ਖੁਸ਼ਨਸੀਬ ਉਹ ਘਰ ਹੁੰਦਾ ਜਿੱਥੇ ਖੇਡਣ ਕੁੜੀਆਂ ਚਿੜੀਆਂ,
ਰੱਬ ਦਾ ਰੂਪ ਸਾਡੀਆਂ ਧੀਆਂ, ਭੈਣਾਂ ਤੇ ਮਾਵਾਂ ਹੁੰਦੀਆਂ ਨੇ।
ਰਚਨਾ: ਭੁਪਿੰਦਰ ਦੀਨਾਨਗਰ….✍️











