ਜਮਾਤ ਚੌਥੀ ਦੇ ਸਮਕਸ਼ ਨੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪਛਾੜਿਆ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਹਿਰਾਮਪੁਰ/ਗੁਰਦਾਸਪੁਰ, 08 ਅਗਸਤ
ਸਿੱਖਿਆ ਬਲਾਕ ਦੋਰਾਂਗਲਾ ਦੇ ਸੈਂਟਰ ਮਰਾੜਾ ਵੱਲੋਂ ਦੂਜੇ ਪੜਾਅ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਝਬਕਰਾ ਵਿਖੇ ਸੈਂਟਰ ਪੱਧਰੀ ਗਣਿਤ ਵਿਸ਼ੇ ਦੇ ਮੁਕਾਬਲੇ ਕਰਵਾਏ ਗਏ।

ਇਸ ਸਬੰਧ ਵਿੱਚ ਸੈਂਟਰ ਮੁੱਖ ਅਧਿਆਪਕ ਸ੍ਰੀ ਮਦਨ ਗੋਪਾਲ ਨੇ ਦੱਸਿਆ ਕਿ ਗਈ ਕਿ ਮੁਕਾਬਲਿਆਂ ਵਿੱਚ ਸੈਂਟਰ ਦੇ 6 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪਹਾੜੇ, ਟੋਕਵੇ ਪਹਾੜੇ ਅਤੇ ਪੰਜਵੀਂ ਜਮਾਤ ਦੇ ਸਿਲੇਬਸ ਦੀ ਗਣਿਤ ਵਿਸ਼ੇ ਦੀ ਪੁਸਤਕ ਦੇ ਪਾਠ 1 ਅਤੇ 2 ਵਿੱਚੋਂ ਪ੍ਰੀਖਿਆ ਲਈ ਗਈ। ਇਨ੍ਹਾਂ ਮੁਕਾਬਲਿਆਂ ਵਿੱਚ ਚੌਥੀ ਜਮਾਤ ਦੇ ਸਮਕਸ਼ ਨੇ ਪਹਿਲਾ ਸਥਾਨ, ਅਰਜਨ ਝਬਕਰਾ ਦੂਜਾ ਸਥਾਨ ਅਤੇ ਤਮੰਨਾ ਮਰਾੜਾ ਮੁੰਡੇ ਤੀਜੇ ਸਥਾਨ ਤੇ ਰਹੇ। ਪਹਾੜਿਆਂ ਦੇ ਮੁਕਾਬਲੇ ਵਿੱਚੋਂ ਅਰਜਨ ਝਬਕਰਾ ਪਹਿਲਾ ਸਥਾਨ ,ਅੰਸਿਤਾ ਮਕੋੜਾ ਦੂਜਾ ਸਥਾਨ, ਤਮੰਨਾ ਮਰਾੜਾ ਮੁੰਡੇ ਤੀਜੇ ਸਥਾਨ ‘ਤੇ ਰਹੇ।

ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਰਾੜ੍ਹਾਂ (ਮੁੰਡੇ) ਦੇ ਚੌਥੀ ਜਮਾਤ ਦੇ ਸਮਕਸ ਨੇ ਪੰਜਵੀਂ ਦੇ ਸਿਲੇਬਸ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਪਿੰਡ ਦੇ ਸਰਪੰਚ ਸ਼੍ਰੀ ਧਰਮਿੰਦਰ ਠਾਕੁਰ ਅਤੇ ਸੈਂਟਰ ਮੁੱਖ ਅਧਿਆਪਕ ਸ੍ਰੀ ਮਦਨ ਗੋਪਾਲ ਅਤੇ ਸਮੂਹ ਸੈਂਟਰ ਮਰਾੜਾ ਦੇ ਸਟਾਫ਼ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਸੈਂਟਰ ਮੁੱਖ ਅਧਿਆਪਕ ਮਦਨ ਗੋਪਾਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਕਰਾਉਣ ਨਾਲ ਬੱਚੇ ਅੰਦਰ ਛੁਪੀਆਂ ਹੋਈਆਂ ਪ੍ਰਤਿਭਾ ਨੂੰ ਹੋਰ ਨਿਖਾਰਿਆ ਜਾ ਸਕਦਾ ਹੈ ਅਤੇ ਬੱਚੇ ਵਧੇਰੇ ਉਤਸ਼ਾਹਿਤ ਹੋ ਕੇ ਪੜ੍ਹਾਈ ਵਿੱਚ ਅੱਵਲ ਸਥਾਨ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਅਕ ਮੁਕਾਬਲਿਆਂ ਦੇ ਇਸੇ ਪੜਾਅ ਤਹਿਤ ਅਗਲੇ ਹਫ਼ਤੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਜਾਣਗੇ।











