Share & like

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਤਰੱਕੀ ਲੈਣ ਵਾਲੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ, 7 ਅਗਸਤ
ਪੰਜਾਬ ਦੇ ਸਕੂਲ ਸਿੱਖਿਆ ਵੱਲੋਂ 814 ਮਾਸਟਰ ਕਾਰਡ ਅਧਿਆਪਕਾਂ ਨੂੰ ਲੈਕਚਰਾਰ ਵਜੋਂ ਤਰੱਕੀ ਦਿੱਤੀ ਗਈ ਹੈ। ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੇ ਤਰੱਕੀ ਲੈਣ ਵਾਲੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਸਿੱਖਿਆ ਮੰਤਰੀ ਸ੍ਰੀ ਬੈਂਸ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਤਰੱਕੀ ਪੂਰੇ ਸਮਰਪਣ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਪਾਏ ਯੋਗਦਾਨ ਅਤੇ ਦੇ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਤਰੱਕੀਆਂ ਵੱਖ- ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਨੂੰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪੰਜਾਬੀ ਦੇ 360, ਰਾਜਨੀਤੀ ਸ਼ਾਸਤਰ ਦੇ 271, ਅੰਗਰੇਜ਼ੀ ਦੇ 135, ਕਾਮਰਸ ਦੇ 40, ਸੰਸਕ੍ਰਿਤ ਦੇ 2, ਫਾਈਨ ਆਰਟਸ ਦਾ ਇੱਕ, ਹੋਮ ਸਾਇੰਸ ਦੇ 3 ਅਤੇ ਸਮਾਜ ਸ਼ਾਸਤਰ ਦੇ 2 ਲੈਕਚਰਾਰ ਸ਼ਾਮਲ ਹਨ। ਉਨ੍ਹਾਂ ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਆਪਣੇ ਪੜ੍ਹਾਉਣ ਦੇ ਤਜਰਬੇ ਅਤੇ ਜਨੂੰਨ ਨਾਲ ਨੌਜਵਾਨਾਂ, ਜਿਨ੍ਹਾਂ ਨੇ ਅੱਗੇ ਚੱਲ ਕੇ ਦੇਸ਼ ਦੀ ਅਗਵਾਈ ਕਰਨੀ ਹੈ, ਨੂੰ ਇਸੇ ਤਰ੍ਹਾਂ ਪ੍ਰੇਰਿਤ ਅਤੇ ਸਿੱਖਿਅਤ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੇ ਕਰੀਅਰ ਵਿੱਚ ਇਹ ਵਾਧਾ ਉਨ੍ਹਾਂ ਨੂੰ ਆਪਣੇ ਲੰਮੇ ਤਜਰਬੇ ਅਤੇ ਦ੍ਰਿੜ੍ਹ ਵਚਨਬੱਧਤਾ ਨਾਲ ਵਿਦਿਆਰਥੀਆਂ ਦੇ ਬੌਧਿਕ ਅਤੇ ਨਿੱਜੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹੋਰ ਬਿਹਤਰ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਪ੍ਰੇਰਿਤ ਕਰੇਗਾ।

ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਇੱਕ ਅਜਿਹਾ ਵਿਦਿਅਕ ਮਾਹੌਲ ਸਿਰਜਣ ਲਈ ਵਚਨਬੱਧ ਹੈ ਜੋ ਵਿਦਿਆਰਥੀਆਂ ਦੀ ਸਫ਼ਲਤਾ ਅਤੇ ਸਿੱਖਿਅਕਾਂ ਦੇ ਪੇਸ਼ੇਵਰ ਵਿਕਾਸ ਦੋਵਾਂ ਲਈ ਅਨੁਕੂਲ ਹੋਵੇ। ਉਨ੍ਹਾਂ ਕਿਹਾ ਕਿ ਇਹ ਤਰੱਕੀਆਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੋਚ ਅਨੁਸਾਰ ਇੱਕ ਮਜ਼ਬੂਤ ਵਿਦਿਅਕ ਢਾਂਚਾ ਬਣਾਉਣ ਲਈ ਵਿਭਾਗ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹਨ।


Share & like

Leave a Reply