ਪੁਲੀਸ ਵੱਲੋਂ 7 ਪਿਸਤੌਲਾਂ ਸਮੇਤ ਚਾਰ ਕਾਬੂ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਅੰਮ੍ਰਿਤਸਰ, 07 ਅਗਸਤ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਪੁਖਤਾ ਸੂਚਨਾ ਦੇ ਆਧਾਰ ‘ਤੇ ਸਰਹੱਦ ਪਾਰੋਂ ਹੋ ਰਹੀ ਹਥਿਆਰ ਤਸਕਰੀ ਦਾ ਪਰਦਾਫਾਸ਼ ਕਰਦਿਆਂ ਚਾਰ ਜਣਿਆਂ ਨੂੰ ਸੱਤ ਪਿਸਤੋਲਾਂ ਸਮੇਤ ਕਾਬੂ ਕੀਤਾ ਹੈ।
ਡਾਇਰੈਕਟਰ ਜਨਰਲ ਆਫ਼ ਪੁਲੀਸ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੁਲੀਸ ਵੱਲੋਂ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਦਾਓਕੇ ਵਾਸੀ ਅਕਾਸ਼ਦੀਪ ਸਿੰਘ ਉਰਫ਼ ਆਕਾਸ਼ (20), ਅੰਮ੍ਰਿਤਸਰ ਦੇ ਪਿੰਡ ਬਾਘਾ ਕਲਾਂ ਵਾਸੀ ਰਮਨਪ੍ਰੀਤ ਸਿੰਘ (23), ਫਿਰੋਜ਼ਪੁਰ ਦੇ ਪਿੰਡ ਸੁਰ ਸਿੰਘ ਵਾਸੀ ਪ੍ਰਤਾਪ ਸਿੰਘ (25) ਅਤੇ ਅੰਮ੍ਰਿਤਸਰ ਦੇ ਦੇਬੀ ਵਾਲਾ ਬਾਜ਼ਾਰ ਵਾਸੀ ਸਰਬਜੀਤ ਸਿੰਘ ਉਰਫ਼ ਬੱਬਲ (25) ਵਜੋਂ ਹੋਈ ਹੈ। ਬਰਾਮਦ ਪਿਸਤੌਲਾਂ ਵਿੱਚ ਦੋ 9 ਐਮਐਮ ਪੀਐਕਸ5, ਦੋ 9ਐਮਐਮ ਗਲੌਕ ਅਤੇ ਤਿੰਨ .30 ਬੋਰ ਪਿਸਤੌਲ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਹੈ ਕਿ ਕਿਹਾ ਕਿ ਮੁਲਜ਼ਮ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਭਾਰਤ-ਪਾਕਿ ਸਰਹੱਦ ਨੇੜੇ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੂਬੇ ਵਿੱਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਅਤੇ ਇਸ ਦੇ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਆਜ਼ਾਦੀ ਦਿਵਸ ਤੋਂ ਪਹਿਲਾਂ ਸੁਰੱਖਿਆ ਉਪਾਵਾਂ ਦੇ ਮੱਦੇਨਜ਼ਰ ਪੁਲੀਸ ਨੇ ਖਾਸ ਖੁਫ਼ੀਆ ਸੂਚਨਾ ’ਤੇ ਕਾਰਵਾਈ ਕਰਦਿਆਂ ਥਾਣਾ ਛੇਹਰਟਾ ਅਧੀਨ ਆਉਂਦੇ ਖੇਤਰ ਤੋਂ ਆਕਾਸ਼ ਅਤੇ ਰਮਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ ਚਾਰ ਪਿਸਤੌਲ- ਦੋ ਪੀਐਕਸ5 9 ਐਮਐਮ ਅਤੇ ਦੋ .30 ਬੋਰ ਪਿਸਤੌਲ ਬਰਾਮਦ ਕੀਤੇ ਹਨ।
ਇਸ ਤੋਂ ਬਾਅਦ ਉਨ੍ਹਾਂ ਦੇ ਦੋ ਸਾਥੀਆਂ ਪ੍ਰਤਾਪ ਸਿੰਘ ਅਤੇ ਸਰਬਜੀਤ ਸਿੰਘ ਉਰਫ਼ ਬੱਬਲ ਨੂੰ ਵੀ ਉਸੇ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਹੋਰ ਪਿਸਤੌਲ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਆਕਾਸ਼ ਕੌਮਾਂਤਰੀ ਸਰਹੱਦ ਨੇੜੇ ਰਹਿੰਦਾ ਹੈ ਅਤੇ ਰਮਨ ਨਾਲ ਮਿਲ ਕੇ ਸਰਹੱਦ ਪਾਰੋਂ ਹਥਿਆਰਾਂ ਦੀ ਖੇਪ ਪ੍ਰਾਪਤ ਕਰਦਾ ਸੀ। ਜਦੋਂ ਕਿ ਉਨ੍ਹਾਂ ਦੇ ਸਾਥੀ ਸਰਬਜੀਤ ਅਤੇ ਪ੍ਰਤਾਪ ਹਥਿਆਰ ਸਪਲਾਈ ਕਾਰਜਾਂ ਲਈ ਤਾਲਮੇਲ ਅਤੇ ਪ੍ਰਬੰਧਨ ਦਾ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਇਲਾਕੇ ਵਿੱਚ ਵੱਡੀ ਅਪਰਾਧਿਕ ਵਾਰਦਤ ਟਲ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਗਿਆ ਹੈ।











